July 2, 2024 7:46 pm
mohali

ਮੋਹਾਲੀ ਦੇ ਸਕੂਲ ‘ਚ ਬੰਬ ਰੱਖਣ ਦੀ ਦਹਿਸ਼ਤ ਨਾਲ ਫੈਲੀ ਹਫੜਾ-ਦਫੜੀ

ਮੋਹਾਲੀ 27 ਫਰਵਰੀ 2022 : ਮੋਹਾਲੀ ‘ਚ ਬੀਤੇ ਦਿਨ ਉਸ ਵੇਲੇ ਹਫੜਾ-ਦਫੜੀ ਫੈਲ ਗਈ, ਜਦੋਂ ਅਚਾਨਕ ਇਹ ਸੂਚਨਾ ਮਿਲੀ ਕਿ ਸਥਾਨਕ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਵਿਚ ਕਿਸੇ ਨੇ ਬੰਬ ਰੱਖ ਦਿੱਤਾ ਹੈ। ਬੰਬ ਦੀ ਸੂਚਨਾ ਮਿਲਣ ’ਤੇ ਪੁਲਸ, ਬੰਬ ਨਕਾਰਾ ਕਰਨ ਵਾਲੀ ਟੀਮ ਅਤੇ ਹੋਰ ਸਰਕਾਰੀ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਸਕੂਲ ਪ੍ਰਬੰਧਕਾਂ ਨੇ ਤੁਰੰਤ ਸਕੂਲ ਦੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਭੇਜ ਦਿੱਤਾ। ਪੁਲਸ ਨੇ ਸਕੂਲ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਪਰ ਮੌਕੇ ’ਤੇ ਕੁੱਝ ਵੀ ਹਾਸਲ ਨਹੀਂ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਕਿਸੇ ਬੱਚੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਇਕ ਚਿੱਠੀ ਦਿੱਤੀ ਸੀ ਕਿ ਸਕੂਲ ਵਿਚ ਬੰਬ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਮੈਨੇਜਮੈਂਟ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਨਾਲ ਹੀ ਸਕੂਲ ਨੂੰ ਖ਼ਾਲੀ ਕਰਵਾ ਲਿਆ ਗਿਆ। ਇਸ ਦੌਰਾਨ ਪੁਲਸ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਸਕੂਲ ਵਿਚ ਬੰਬ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਅੰਜਲੀ ਸ਼ਰਮਾ ਨੇ ਬੰਬ ਰੱਖੇ ਹੋਣ ਸਬੰਧੀ ਕੋਈ ਵੀ ਚਿੱਠੀ ਮਿਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਕੂਲ ਵਿਚ ਬੰਬ ਵਰਗੀ ਕੋਈ ਚੀਜ ਨਹੀਂ ਸੀ, ਸਗੋਂ ਇੱਥੇ ਇਕ ਮੌਕ ਡਰਿੱਲ ਕਰਵਾਈ ਗਈ ਹੈ, ਜਿਸ ਵਿਚ ਐਮਰਜੈਂਸੀ ਦੀ ਹਾਲਤ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਬਚਾ ਕੇ ਬਾਹਰ ਕੱਢਣ ਅਤੇ ਹਫੜਾ-ਦਫੜੀ ਮਚਣ ਤੋਂ ਰੋਕਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਸਮੇਂ-ਸਮੇਂ ਤੇ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਬੱਚਿਆਂ ਨੂੰ ਪਤਾ ਚੱਲ ਸਕੇ ਕਿ ਜੇ ਅਚਾਨਕ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਉਹ ਆਪਣਾ ਅਤੇ ਆਪਣੇ ਸਾਥੀਆਂ ਦਾ ਬਚਾਓ ਕਿਸ ਤਰ੍ਹਾਂ ਕਰ ਸਕਦੇ ਹਨ। ਮੌਕੇ ’ਤੇ ਪਹੁੰਚੇ ਮਟੌਰ ਥਾਣੇ ਦੇ ਐੱਸ. ਐੱਚ. ਓ. ਨਵੀਨ ਪਾਲ ਲਹਿਲ ਨੇ ਕਿਹਾ ਕਿ ਪੁਲਸ ਵੱਲੋਂ ਸਕੂਲ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹੁਣ ਤਕ ਕੁੱਝ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜਾਂਚ ਪੂਰੀ ਕਰਨ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ। ਸਕੂਲ ਦੀ ਪ੍ਰਿੰਸੀਪਲ ਵੱਲੋਂ ਮੌਕ ਡਰਿੱਲ ਕਰਵਾਏ ਜਾਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।