ਚੰਡੀਗੜ੍ਹ, 25 ਫਰਵਰੀ 2022 : ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲਾ ‘ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਐਸ ਹਨੀ ਦੀ ਨਿਆਂਇਕ ਹਿਰਾਸਤ 10 ਮਾਰਚ ਤੱਕ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਹਨੀ 3 ਫਰਵਰੀ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਆਏ ਸਨ। ਉਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ, ਇਸ ਤੋਂ ਬਾਅਦ ਹਨੀ ਨੂੰ 4 ਫਰਵਰੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।
ਈਡੀ ਨੇ ਅਦਾਲਤ ਵਿੱਚ ਹਨੀ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। 8 ਫਰਵਰੀ ਨੂੰ ਹਨੀ ਨੂੰ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮੁੜ ਉਸਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ 11 ਫਰਵਰੀ ਨੂੰ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।
ED ਦੇ ਛਾਪੇ ਵਿੱਚ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਾਥੀਆਂ ਦੇ ਘਰੋਂ ਕਰੋੜਾਂ ਰੁਪਏ ਅਤੇ ਮਹਿੰਗੀਆਂ ਵਸਤਾਂ ਬਰਾਮਦ ਹੋਈਆਂ ਹਨ। ਈਡੀ ਦੀ ਜਾਂਚ ਵਿੱਚ ਇਸ ਦਾ ਸਰੋਤ ਗੈਰ-ਕਾਨੂੰਨੀ ਮਾਈਨਿੰਗ, ਤਬਾਦਲੇ ਅਤੇ ਨਿਯੁਕਤੀਆਂ ਨੂੰ ਦੱਸਿਆ ਗਿਆ ਸੀ। ਈਡੀ ਨੇ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ‘ਤੇ ਉਸ ਸਮੇਂ ਛਾਪਾ ਮਾਰਿਆ ਸੀ ਜਦੋਂ ਪੰਜਾਬ ‘ਚ ਚੋਣਾਂ ਦਾ ਮਾਹੌਲ ਸੀ, ਚੰਨੀ ਨੇ ਇਸ ਪਿੱਛੇ ਸਿਆਸੀ ਕਾਰਨ ਦੱਸੇ ਸਨ। ਉਨ੍ਹਾਂ ਕਿਹਾ ਕਿ ਉਸ ਨੂੰ ਬਦਨਾਮ ਕਰਨ ਲਈ ਉਸ ਦੇ ਰਿਸ਼ਤੇਦਾਰ ਦੇ ਘਰ ਛਾਪਾ ਮਾਰਿਆ ਗਿਆ ਹੈ।
ਇਸ ਮਾਮਲੇ ਵਿੱਚ ਸਮੁੱਚੀ ਕਾਂਗਰਸ ਚੰਨੀ ਦੇ ਨਾਲ ਖੜ੍ਹੀ ਹੈ। ਇਸ ਦੇ ਨਾਲ ਹੀ ਈਡੀ ਦੇ ਛਾਪੇ ਵਿੱਚ ਹਨੀ ਦੇ ਘਰੋਂ ਨਕਦੀ ਬਰਾਮਦ ਹੋਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਚੰਨੀ ਨੂੰ ਨਿਸ਼ਾਨਾ ਬਣਾਇਆ ਸੀ। ਪੰਜਾਬ ਚੋਣਾਂ ਵਿੱਚ ਵੋਟਾਂ ਤੋਂ ਪਹਿਲਾਂ ਇਹ ਮਾਮਲਾ ਕਾਫੀ ਗਰਮਾ ਗਿਆ ਸੀ।