July 2, 2024 9:23 pm

ED ਵਲੋਂ ਮੁੱਖ ਮੰਤਰੀ ਚੰਨੀ ਦਾ ਭਾਣਜਾ ਗ੍ਰਿਫ਼ਤਾਰ, ਮੋਹਾਲੀ ਦੀ CBI ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਚੰਡੀਗੜ੍ਹ, 4 ਫਰਵਰੀ 2022 : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਹਨੀ ਨੂੰ ਪੁੱਛਗਿੱਛ ਲਈ ਜਲੰਧਰ ਦਫਤਰ ਬੁਲਾਇਆ ਸੀ। ਜਿੱਥੇ ਉਸ ਤੋਂ ਕਰੀਬ 7 ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਈਡੀ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ । ਉਸ ਨੂੰ ਦੁਪਹਿਰ 1 ਵਜੇ ਦੇ ਕਰੀਬ ਮੈਡੀਕਲ ਜਾਂਚ ਲਈ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ। ਹੁਣ ਉਸ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਹਨੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

18 ਜਨਵਰੀ ਨੂੰ ਈਡੀ ਨੇ ਭੁਪਿੰਦਰ ਹਨੀ ਅਤੇ ਉਸ ਦੇ ਸਾਥੀਆਂ ਦੇ ਮੋਹਾਲੀ ਅਤੇ ਲੁਧਿਆਣਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 10 ਕਰੋੜ ਦੀ ਨਕਦੀ, 12 ਲੱਖ ਰੋਲੇਕਸ ਘੜੀ, 21 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ। ਈਡੀ ਨੇ ਹਨੀ ਦੇ ਮੋਹਾਲੀ ਸਥਿਤ ਘਰ ਤੋਂ 8 ਕਰੋੜ ਰੁਪਏ ਅਤੇ ਉਸ ਦੇ ਸਾਥੀ ਸੰਦੀਪ ਦੇ ਲੁਧਿਆਣਾ ਸਥਿਤ ਘਰ ਤੋਂ 2 ਕਰੋੜ ਰੁਪਏ ਬਰਾਮਦ ਕੀਤੇ ਸਨ। ਸੂਤਰਾਂ ਅਨੁਸਾਰ, ਈਡੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਨੀ ਦੀ ਆਪਣੇ ਸਾਥੀਆਂ ਨਾਲ ਇੱਕ ਸਲਾਹਕਾਰ ਫਰਮ ਸੀ, ਜਿਸ ਦਾ ਸਾਲ 2019-20 ਲਈ ਟਰਨਓਵਰ ਲਗਭਗ 18 ਲੱਖ ਸੀ। ਇਸ ਦੇ ਬਾਵਜੂਦ ਇੰਨੀ ਵੱਡੀ ਰਕਮ ਬਰਾਮਦ ਕੀਤੀ ਗਈ।

ਸੀਐਮ ਕੁਨੈਕਸ਼ਨ ਬਾਰੇ ਪੁੱਛਗਿਛ, ਕਰੋੜਾਂ ਬਾਰੇ ਨਹੀਂ ਮਿਲਿਆ ਜਵਾਬ

ਸੂਤਰਾਂ ਦੀ ਮੰਨੀਏ ਤਾਂ ਈਡੀ ਦੀ ਟੀਮ ਨੇ ਕਰੀਬ 8 ਘੰਟੇ ਦੀ ਪੁੱਛਗਿੱਛ ਵਿੱਚ ਭੁਪਿੰਦਰ ਹਨੀ ਤੋਂ ਸੀਐਮ ਚੰਨੀ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ। ਹਨੀ ਤੋਂ ਪੁੱਛਿਆ ਗਿਆ ਕਿ ਕੀ ਇਹ ਰਕਮ ਉਸ ਦੇ ਮਾਮੇ ਭਾਵ ਸੀਐਮ ਚੰਨੀ ਨੇ ਆਪਣੇ ਕੋਲ ਰੱਖੀ ਸੀ? ਜਾਂ ਇਹ ਗੈਰ-ਕਾਨੂੰਨੀ ਰੇਤ ਦਾ ਧੰਦਾ ਤੋਂ ਆਈ ਹੈ ? ਹਾਲਾਂਕਿ ਇਸ ਸਬੰਧੀ ਹਨੀ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਆਪਣੇ ਘਰੋਂ ਮਿਲੀ 8 ਕਰੋੜ ਦੀ ਨਕਦੀ ਬਾਰੇ ਵੀ ਭੁਪਿੰਦਰ ਹਨੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।

ਹਨੀ ਘਬਰਾਹਟ ਦੀ ਸ਼ਿਕਾਇਤ ਕਰਦਾ ਹੈ, ਡਾਕਟਰੀ ਜਾਂਚ ‘ਚ ਸਾਰੀਆਂ ਰਿਪੋਰਟਾਂ ਨਾਰਮਲ

ਈਡੀ ਨੇ ਦੁਪਹਿਰ 3 ਵਜੇ ਭੁਪਿੰਦਰ ਹਨੀ ਤੋਂ ਪੁੱਛਗਿੱਛ ਸ਼ੁਰੂ ਕੀਤੀ। ਜਿਸ ਵਿੱਚ ਈਡੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਦੇ ਬਾਵਜੂਦ ਹਨੀ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਦੌਰਾਨ ਹਨੀ ਨੇ ਘਬਰਾਹਟ ਦੀ ਸ਼ਿਕਾਇਤ ਕੀਤੀ। ਈਡੀ ਦੀ ਟੀਮ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਲੈ ਗਈ। ਉਥੇ ਜਾਂਚ ਕਰਨ ‘ਤੇ ਉਹ ਪੂਰੀ ਤਰ੍ਹਾਂ ਫਿੱਟ ਪਾਇਆ ਗਿਆ। ਹਨੀ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਆਈਆਂ। ਜਿਸ ਤੋਂ ਬਾਅਦ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਉਸਨੂੰ ਮੋਹਾਲੀ ਦੀ CBI ਅਦਾਲਤ ‘ਚ ਪੇਸ਼ ਕੀਤਾ ਜਾਵੇਗਾ |