ਚੰਡੀਗੜ੍ਹ, 13 ਜੁਲਾਈ 2023: ਅਪਗ੍ਰੇਡਿਡ ਬਾਹੂਬਲੀ ਰਾਕੇਟ ਯਾਨੀ ਲਾਂਚ ਵਹੀਕਲ ਮਾਰਕ-3 (MV-3) ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਟੇਸ਼ਨ ‘ਤੇ ਚੰਦਰਯਾਨ-3 (Chandrayaan-3) ਦੇ ਲਾਂਚ ਲਈ ਤਿਆਰ ਹੈ। MV-3 ਦੀ ਲਾਂਚਿੰਗ ਸਫਲਤਾ ਦਰ 100% ਹੈ। ਮਿਸ਼ਨ ਚੰਦਰਯਾਨ-3 ਦੀ ਕਾਊਂਟਡਾਊਨ ਅੱਜ ਦੁਪਹਿਰ ਤੋਂ ਸ਼ੁਰੂ ਹੋਵੇਗੀ ਅਤੇ ਲਾਂਚਿੰਗ ਸ਼ੁੱਕਰਵਾਰ ਨੂੰ ਦੁਪਹਿਰ 2:35 ਵਜੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਹੋਵੇਗੀ।
ਮਿਸ਼ਨ ਦੀ ਸਫਲਤਾ ਲਈ ਇਸਰੋ ਦੇ ਵਿਗਿਆਨੀ ਤਿਰੂਪਤੀ ਵੈਂਕਟਚਲਾਪਤੀ ਮੰਦਰ ਪਹੁੰਚੇ। ਵਿਗਿਆਨੀ ਪੂਜਾ ਲਈ ਚੰਦਰਯਾਨ-3 (Chandrayaan-3) ਦਾ ਛੋਟਾ ਮਾਡਲ ਵੀ ਆਪਣੇ ਨਾਲ ਲੈ ਗਏ। ਚੰਦਰਯਾਨ 24-25 ਅਗਸਤ ਨੂੰ ਚੰਦਰਮਾ ‘ਤੇ ਉਤਰੇਗਾ। ਅਗਲੇ 14 ਦਿਨਾਂ ਤੱਕ ਰੋਵਰ ਲੈਂਡਰ ਦੇ ਦੁਆਲੇ 360 ਡਿਗਰੀ ਵਿੱਚ ਘੁੰਮੇਗਾ ਅਤੇ ਕਈ ਅਧਿਐਨ ਵੀ ਕਰੇਗਾ। ਲੈਂਡਰ ਚੰਦਰਮਾ ਦੀ ਸਤ੍ਹਾ ‘ਤੇ ਰੋਵਰ ਦੁਆਰਾ ਬਣਾਏ ਗਏ ਪਹੀਏ ਦੇ ਨਿਸ਼ਾਨਾਂ ਦੀਆਂ ਤਸਵੀਰਾਂ ਵੀ ਭੇਜੇਗਾ।
ਭਾਰਤ ਨਾ ਸਿਰਫ਼ ਚੰਦ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਵਾਲਾ ਚੌਥਾ ਦੇਸ਼ ਬਣ ਜਾਵੇਗਾ, ਸਗੋਂ ਚੰਦ ਦੇ ਦੱਖਣੀ ਧਰੁਵ ਦੇ ਨੇੜੇ ਪਹੁੰਚਣ ਵਾਲਾ ਪਹਿਲਾ ਦੇਸ਼ ਵੀ ਬਣ ਜਾਵੇਗਾ। ਇਹ ਉਹੀ ਖੇਤਰ ਹੈ ਜਿੱਥੇ ਚੰਦਰਯਾਨ-1 ਦੌਰਾਨ ਮੂਨ ਇਮਪੇਕਟ ਪ੍ਰੋਬ ਨੂੰ ਛੱਡਿਆ ਗਿਆ ਸੀ ਅਤੇ ਇਸਰੋ ਨੇ ਪਾਣੀ ਦਾ ਪਤਾ ਲਗਾਇਆ ਸੀ। ਚੰਦਰਯਾਨ-2 ਦੀ ਕਰੈਸ਼ ਲੈਂਡਿੰਗ ਇੱਥੇ ਹੀ ਹੋਈ ਸੀ ।