TheUnmute.com

Chandigarh: ਚੰਡੀਗੜ੍ਹ ਗ੍ਰਨੇਡ ਹਮਲੇ ਦਾ ਦੂਜਾ ਮੁਲਜ਼ਮ ਦਿੱਲੀ ਤੋਂ ਕੀਤਾ ਗ੍ਰਿਫਤਾਰ

15 ਸਤੰਬਰ 2024: ਪੰਜਾਬ ਪੁਲਿਸ ਨੇ ਬੀਤੇ ਬੁੱਧਵਾਰ ਚੰਡੀਗੜ੍ਹ ਦੇ ਸੈਕਟਰ 10 ਸਥਿਤ ਕੋਠੀ ਨੰਬਰ 575 ‘ਤੇ ਹੈਂਡ ਗ੍ਰਨੇਡ ਨਾਲ ਹਮਲੇ ਦੇ ਮਾਮਲੇ ‘ਚ ਦੂਜੇ ਦੋਸ਼ੀ ਵਿਸ਼ਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਕ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਫਰਜ਼ੀ ਪਾਸਪੋਰਟ ਦੇ ਸਹਾਰੇ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਮੁਲਜ਼ਮ ਵਿਸ਼ਾਲ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗ੍ਰਨੇਡ ਹਮਲੇ ਦੇ ਇੱਕ ਹੋਰ ਦੋਸ਼ੀ ਰੋਹਨ ਮਸੀਹ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ਕੋਲੋਂ ਇੱਕ 9mm ਦਾ ਗਲਾਕ ਪਿਸਤੌਲ ਵੀ ਬਰਾਮਦ ਹੋਇਆ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਪਹਿਲਾ ਦੋਸ਼ੀ ਵਿਸ਼ਾਲ ਵੀ ਅੰਮ੍ਰਿਤਸਰ ਵਿੱਚ ਮੌਜੂਦ ਸੀ, ਪਰ ਉਸਦੇ ਸਾਥੀ ਰੋਹਨ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਦਿੱਲੀ ਭੱਜ ਗਿਆ, ਜਿੱਥੋਂ ਉਹ ਹੈਪੀ ਪਸਿਆਣਾ ਦੇ ਸਾਥੀਆਂ ਦੀ ਮਦਦ ਨਾਲ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਇਸ ਮਾਮਲੇ ‘ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਐਤਵਾਰ ਨੂੰ ਪੂਰੇ ਮਾਮਲੇ ਦਾ ਖੁਲਾਸਾ ਕਰਨਗੇ।

Exit mobile version