Site icon TheUnmute.com

Chandigarh: ਚੰਡੀਗੜ੍ਹ PGI ‘ਚ ਮੁਲਾਜ਼ਮਾਂ ਦੀ ਹੜਤਾਲ ਜਾਰੀ, OPD ਸੇਵਾਵਾਂ ਪ੍ਰਭਾਵਿਤ

Chandigarh PGI

ਚੰਡੀਗੜ੍ਹ, 11 ਅਕਤੂਬਰ 2024: ਚੰਡੀਗੜ੍ਹ ਪੀਜੀਆਈ (Chandigarh PGI)  ‘ਚ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਤੀ ਜਾ ਰਹੀ ਹੈ | ਹਸਪਤਾਲ ਅਟੈਂਡੈਂਟਸ ਦੀ ਹੜਤਾਲ ਕਾਰਨ ਪੀਜੀਆਈ ਦੀਆਂ ਸੇਵਾਵਾਂ ’ਤੇ ਵੀ ਅਸਰ ਪਿਆ ਹੈ। ਜਾਣਕਾਰੀ ਮੁਤਾਬਕ ਹੜਤਾਲ ਦਾ ਕਾਰਨ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦੇ ਹੁਕਮਾਂ ਦੇ ਬਾਵਜੂਦ ਬਕਾਇਆ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਹਸਪਤਾਲ ਅਟੈਂਡੈਂਟਸ ਯੂਨੀਅਨ ਨੇ ਪ੍ਰਸ਼ਾਸਨ ਦੇ ਵਾਅਦੇ ਨਾ ਪੂਰੇ ਕਰਨ ਦੇ ਵਿਰੋਧ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਵੀ ਹੜਤਾਲ ਜਾਰੀ ਰੱਖੀ ਹੈ।

ਇਨ੍ਹਾਂ ਮੁਲਾਜ਼ਮਾਂ ਦੀ ਹੜਤਾਲ ਕਾਰਨ ਓਪੀਡੀ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਮਰੀਜ਼ਾਂ ਨੂੰ ਰਿਪੋਰਟਾਂ ਅਤੇ ਟੈਸਟ ਲੈਣ ਲਈ ਘੰਟਿਆਂਬੱਧੀ ਕਤਾਰਾਂ ‘ਚ ਖੜ੍ਹਨਾ ਪਿਆ। ਡਾਕਟਰ ਮਰੀਜ਼ਾਂ ਨੂੰ ਖ਼ੁਦ ਬੁਲਾ ਕੇ ਉਨ੍ਹਾਂ ਦਾ ਇਲਾਜ ਕਰਨ ਲਈ ਮਜਬੂਰ ਸਨ। ਸਥਿਤੀ ਦੇਖਦਿਆਂ ਪੀਜੀਆਈ (Chandigarh PGI)  ਪ੍ਰਸ਼ਾਸਨ ਨੇ ਸਾਰੀਆਂ ਇਲੈਕਟਿਵ ਸਰਜਰੀਆਂ ਨੂੰ ਰੱਦ ਕਰ ਦਿੱਤਾ ਹੈ ਅਤੇ ਮਰੀਜ਼ਾਂ ਨੂੰ ਫਿਲਹਾਲ ਨਵੇਂ ਦਾਖਲੇ ਨਾ ਲੈਣ ਦੀ ਸੂਚਨਾ ਦਿੱਤੀ ਹੈ।

ਪੀਜੀਆਈ ਦੇ 1600 ਕੰਟਰੈਕਟ ਹਸਪਤਾਲ ਦੇ ਅਟੈਂਡੈਂਟਸ ਦਾ ਦੋਸ਼ ਹੈ ਕਿ ਉਨ੍ਹਾਂ ਦੇ 2018 ਤੋਂ 2024 ਤੱਕ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ 2 ਤੋਂ 3 ਲੱਖ ਰੁਪਏ ਦੇ ਬਕਾਏ ਨਹੀਂ ਮਿਲੇ ਹਨ। ਉਕਤ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਪਿਛਲੇ 8 ਮਹੀਨਿਆਂ ਤੋਂ ਪੀਜੀਆਈ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਦਿੱਤਾ ਗਿਆ ਹੈ।

Exit mobile version