Site icon TheUnmute.com

Chandigarh: ਚੰਡੀਗੜ੍ਹ ਨਗਰ ਨਿਗਮ ਵੱਲੋਂ ਟੈਕਸੀ ਸਟੈਂਡਾਂ ਲਈ ਨਵੇਂ ਨਿਯਮ ਤੇ ਸ਼ਰਤਾਂ ਤੈਅ

Chandigarh

ਚੰਡੀਗੜ੍ਹ, 28 ਸਤੰਬਰ 2024: ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਨੇ ਸ਼ਹਿਰ ‘ਚ ਟੈਕਸੀ ਸਟੈਂਡਾਂ ਦੇ ਸੰਚਾਲਨ ਲਈ ਨਵੇਂ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਹਨ | ਇਨ੍ਹਾਂ ਨਿਯਮਾਂ ਦਾ ਉਦੇਸ਼ ਕਬਜ਼ਿਆਂ ਨੂੰ ਰੋਕਣਾ ਅਤੇ ਅਵਿਵਸਥਿਤ ਪਾਰਕਿੰਗਾਂ ਨੂੰ ਕੰਟਰੋਲ ਕਰਨਾ ਹੈ। ਨਗਰ ਨਿਗਮ ਦੀਆਂ ਨਵੀਆਂ ਸ਼ਰਤਾਂ ਮੁਤਾਬਕ 1500 ਵਰਗ ਫੁੱਟ ਦੇ ਖੇਤਰ ‘ਚ ਚੱਲਣ ਵਾਲੇ ਟੈਕਸੀ ਸਟੈਂਡ ਲਈ ਮਾਸਿਕ ਲਾਇਸੈਂਸ ਫੀਸ 16105 ਰੁਪਏ, 2500 ਵਰਗ ਫੁੱਟ ਤੱਕ ਦੇ ਸਟੈਂਡ ਲਈ 24158 ਰੁਪਏ ਅਤੇ 2500 ਵਰਗ ਫੁੱਟ ਤੋਂ ਵੱਡੇ ਸਟੈਂਡ ਲਈ 32210 ਰੁਪਏ ਰੱਖੀ ਗਈ ਹੈ।

ਇਸ ਦੇ ਨਾਲ ਹੀ ਨਗਰ ਨਿਗਮ (Chandigarh Municipal Corporation) ਨੇ ਪਾਰਕਿੰਗ ਦੀ ਉਲੰਘਣਾ ਅਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਜੁਰਮਾਨੇ ਦੀ ਵਿਵਸਥਾ ਕੀਤੀ ਹੈ। ਨਿਰਧਾਰਿਤ ਸੀਮਾ ਤੋਂ ਵੱਧ ਟੈਕਸੀ ਪਾਰਕ ਕਰਨ ‘ਤੇ ਪ੍ਰਤੀ ਟੈਕਸੀ 1000 ਰੁਪਏ ਅਤੇ ਨਿੱਜੀ ਵਾਹਨਾਂ ਦੀ ਪਾਰਕਿੰਗ ‘ਤੇ 500 ਰੁਪਏ ਪ੍ਰਤੀ ਦਿਨ ਦਾ ਜੁਰਮਾਨਾ ਲਗਾਇਆ ਜਾਵੇਗਾ।

ਇਸ ਦੇ ਨਾਲ ਹੀ ਟੈਕਸੀ ਸਟੈਂਡ ਲਈ ਅਲਾਟ ਕੀਤੀ ਗਈ ਏਰੀਏ ਤੋਂ ਬਾਹਰ ਕਵਰ ਕੀਤੇ ਗਏ ਏਰੀਏ ‘ਤੇ ਪ੍ਰਤੀ ਕਾਰ 1000 ਰੁਪਏ ਦਾ ਚਾਰਜ ਵੀ ਲਗਾਇਆ ਜਾਵੇਗਾ। ਸਖ਼ਤ ਨਿਯਮਾਂ ਤਹਿਤ ਹੋਰ ਵਿਵਸਥਾਵਾਂ ‘ਚ ਡਰਾਈਵਰਾਂ ਦੁਆਰਾ ਖੁੱਲ੍ਹੇ ‘ਚ ਨਹਾਉਣ ਅਤੇ ਪਾਣੀ ਦੀ ਬਰਬਾਦੀ ਲਈ 5,000 ਰੁਪਏ ਅਤੇ ਟੈਕਸੀਆਂ ਨੂੰ ਧੋਣ ਲਈ 2,000 ਰੁਪਏ ਦਾ ਜੁਰਮਾਨਾ ਸ਼ਾਮਲ ਹੈ।

ਨਗਰ ਨਿਗਮ ਦੇ ਨਵੇਂ ਨਿਯਮਾਂ ਅਨੁਸਾਰ ਬਿਨੈਕਾਰ ਦਾ ਘੱਟੋ-ਘੱਟ 10 ਸਾਲ ਚੰਡੀਗੜ੍ਹ ਦਾ ਵਸਨੀਕ ਹੋਣਾ ਲਾਜ਼ਮੀ ਹੈ। ਜੇਕਰ ਬਿਨੈਕਾਰ ਇੱਕ ਕੰਪਨੀ ਹੈ, ਤਾਂ ਉਸ ਕੋਲ ਘੱਟੋ-ਘੱਟ 6 ਰਜਿਸਟਰਡ ਟੈਕਸੀਆਂ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ, ਲਾਇਸੰਸਧਾਰਕਾਂ ਨੂੰ ਟੈਕਸੀ ਸਟੈਂਡ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

ਨਗਰ ਨਿਗਮ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਟੈਕਸੀ ਸਟੈਂਡ ਵਾਲੀ ਥਾਂ ਦੀ ਅਲਾਟਮੈਂਟ ਲਾਟਰੀ ਰਾਹੀਂ ਕੀਤੀ ਜਾਵੇਗੀ। ਹਰੇਕ ਟੈਕਸੀ ਸਟੈਂਡ ‘ਚ ਵਾਹਨਾਂ ਦੀ ਗਿਣਤੀ ਨਿਸ਼ਚਿਤ ਕੀਤੀ ਜਾਵੇਗੀ ਤਾਂ ਜੋ ਪਾਰਕਿੰਗ ਅਤੇ ਕੰਮਕਾਜ ਸੁਚਾਰੂ ਰਹੇ।

Exit mobile version