ਚੰਡੀਗੜ੍ਹ 28 ਅਪ੍ਰੈਲ 2022: ਉੱਤਰ ਭਾਰਤ `ਚ ਗਰਮੀ ਵਧਣ ਨਾਲ ਲੋਕਾਂ ਦੀ ਪਰੇਸ਼ਾਨੀਆਂ ਵੀ ਵੱਧ ਰਹੀਆਂ ਹਨ । ਮਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਾਪਮਾਨ 40 ਤੋਂ ਪਾਰ ਹੋ ਗਿਆ ਹੈ। ਇਸਦੇ ਨਾਲ ਹੀ ਹੁਣ ਗਰਮੀਆਂ ਹੋਰ ਵੀ ਵੱਧ ਸਕਦੀ ਹੈ | ਮੌਸਮ ਵਿਭਾਗ ਚੰਡੀਗੜ੍ਹ (Chandigarh Meteorological Department) ਦੇ ਅਨੁਸਾਰ ਆਉਣ ਵਾਲੇ 4-5 ਦਿਨਾਂ ਵਿੱਚ ਗਰਮੀ ਦਾ ਪ੍ਰਕੋਪ ਪਹਿਲਾਂ ਨਾਲੋਂ ਵੱਧ ਹੋਣ ਵਾਲਾ ਹੈ।
ਮੌਸਮ ਵਿਭਾਗ ਚੰਡੀਗੜ੍ਹ ਦੇ ਇੰਚਾਰਜ ਡਾ: ਮਨਮੋਹਨ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਸ਼ਹਿਰਾਂ ਜਾਂ ਇਲਾਕਿਆਂ ਦੀ ਸਰਹੱਦ ਰਾਜਸਥਾਨ ਨਾਲ ਲੱਗਦੀ ਹੈ, ਉੱਥੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਵੱਧ ਰਹਿ ਸਕਦਾ ਹੈ ਅਤੇ ਜਿਹੜੇ ਇਲਾਕੇ ਹਿਮਾਚਲ ਨਾਲ ਲੱਗਦੇ ਹਨ, ਉੱਥੇ ਤਾਪਮਾਨ ਪਾਰਾ 38 ਡਿਗਰੀ ਸੈਲਸੀਅਸ ਤੋਂ 40 ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਜਦੋਂ ਕਿ ਹੋਰ ਖੇਤਰਾਂ ਵਿੱਚ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ 29 ਅਪ੍ਰੈਲ ਨੂੰ ਪੰਜਾਬ ਦੇ ਕੁਝ ਇਲਾਕਿਆਂ ‘ਚ ਧੂੜ ਭਰੀ ਹਨੇਰੀ ਆ ਸਕਦੀ ਹੈ। ਜੇਕਰ ਬਾਰਿਸ਼ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਅਜਿਹੀ ਕੋਈ ਸੰਭਾਵਨਾ ਨਹੀਂ ਹੈ। ਡਾ: ਮਨਮੋਹਨ ਸਿੰਘ ਨੇ ਵੀ ਪੰਜਾਬ ਭਰ ਦੇ ਲੋਕਾਂ ਨੂੰ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਆਪਣੀ ਰੱਖਿਆ ਕਰਨ ਦੀ ਸਲਾਹ ਦਿੱਤੀ ਹੈ। ਗੂੜ੍ਹੇ ਰੰਗ ਦੇ ਕੱਪੜੇ ਨਾ ਵਰਤੋ। ਵੱਧ ਤੋਂ ਵੱਧ ਪਾਣੀ ਪੀਓ। ਬਿਨਾਂ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ। ਖਾਸ ਤੌਰ ‘ਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖੋ।