ਚੰਡੀਗੜ੍ਹ, 14 ਜੁਲਾਈ 2023: ਚੰਡੀਗੜ੍ਹ ਦੀ ਸੁਖਨਾ ਝੀਲ (Sukhna Lake) ਦਾ ਪਾਣੀ ਇੱਕ ਵਾਰ ਫਿਰ ਵਧਣ ਕਾਰਨ ਇਸ ਦਾ ਇੱਕ ਫਲੱਡ ਗੇਟ ਖੋਲ੍ਹਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਫਲੱਡ ਗੇਟ ਦੇਰ ਰਾਤ ਖੋਲ੍ਹੇ ਗਏ, ਜਿਸ ਨੂੰ ਅੱਜ ਸਵੇਰੇ ਬੰਦ ਕਰ ਦਿੱਤਾ ਗਿਆ ਹੈ। ਫਲੱਡ ਗੇਟ ਖੁੱਲ੍ਹਣ ਕਾਰਨ ਜਿੱਥੇ ਕੁਝ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ |
ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰ ਕੇ ਕਿਸ਼ਨਗੜ੍ਹ ਵਿੱਚ ਸੁਖਨਾ ’ਤੇ ਬਣੇ ਪੁਲ ਦੇ ਉੱਪਰ ਸ਼ਾਸਤਰੀ ਨਗਰ, ਸੀਟੀਯੂ ਵਰਕਸ਼ਾਪ ਅਤੇ ਮੱਖਣ ਮਾਜਰਾ, ਪਿੰਡ ਦੇ ਨੇੜੇ ਰਾਸਤਾ ਬੰਦ ਕਰ ਦਿੱਤਾ ਹੈ। ਜਦੋਂ ਤੱਕ ਇਸ ਪਾਣੀ ਦਾ ਪੱਧਰ ਨਹੀਂ ਘੱਟਦਾ, ਉਦੋਂ ਤੱਕ ਇਹ ਰਸਤੇ ਬੰਦ ਰਹਿਣਗੇ।
ਦੱਸਿਆ ਜਾ ਰਿਹਾ ਹੈ ਕਿ ਸੁਖਨਾ ਝੀਲ (Sukhna Lake) ਵਿੱਚ ਵੀਰਵਾਰ ਸਵੇਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਸੀ। ਪਿਛਲੇ 3 ਦਿਨਾਂ ਤੋਂ ਰੁਕੀ ਹੋਈ ਬਰਸਾਤ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ 1161 ਫੁੱਟ ਤੱਕ ਪਹੁੰਚ ਗਿਆ ਸੀ ਪਰ ਵੀਰਵਾਰ ਨੂੰ ਅਚਾਨਕ ਸਵੇਰੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ। ਕੁਝ ਹੀ ਸਮੇਂ ਵਿੱਚ ਪਾਣੀ ਦਾ ਪੱਧਰ 1162 ਤੱਕ ਪਹੁੰਚ ਗਿਆ । ਕਈ ਸੀਨੀਅਰ ਅਧਿਕਾਰੀਆਂ ਨੇ ਸੁਖਨਾ ਝੀਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।