ਚੰਡੀਗੜ੍ਹ, 27 ਨਵੰਬਰ 2023: ਪੰਜਾਬ ਵਿੱਚ ਠੰਡ ਦੀ ਆਮਦ ਤੋਂ ਬਾਅਦ ਮੌਸਮ (weather) ਨੇ ਇੱਕ ਵਾਰ ਫਿਰ ਆਪਣਾ ਮਿਜ਼ਾਜ ਬਦਲਣਾ ਸ਼ੁਰੂ ਕਰ ਦਿੱਤਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਸੋਮਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਬੱਦਲ ਛਾਏ ਰਹੇ, ਜਦਕਿ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋਈ। ਜਿਸ ਕਾਰਨ ਸੂਬੇ ‘ਚ ਠੰਡ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦਾ ਪ੍ਰਭਾਵ ਮੰਗਲਵਾਰ ਸਵੇਰ ਤੱਕ ਜਾਰੀ ਰਹੇਗਾ। ਜੇਕਰ ਅਗਲੇ ਦੋ ਦਿਨਾਂ ‘ਚ ਬਾਰਿਸ਼ ਹੁੰਦੀ ਹੈ ਤਾਂ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ ਅਤੇ ਠੰਡ ਵਧੇਗੀ |
ਤਾਪਮਾਨ (weather) ‘ਚ ਬਦਲਾਅ ਕਾਰਨ ਸੂਬੇ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਵੀ ਪੈ ਸਕਦੀ ਹੈ। ਜਿਕਰਯੋਗ ਹੈ ਕਿ ਵੈਸਟਰਨ ਡਿਸਟਰਬੈਂਸ ਕਾਰਨ ਐਤਵਾਰ ਨੂੰ ਦਿਨ ਭਰ ਕਈ ਜ਼ਿਲ੍ਹੇ ਬੱਦਲਾਂ ਨਾਲ ਢਕੇ ਰਹੇ। ਹਾਲਾਂਕਿ ਕਈ ਥਾਵਾਂ ‘ਤੇ ਹਲਕੀ ਧੁੱਪ ਵੀ ਰਹੀ ਪਰ ਬੱਦਲਾਂ ਕਾਰਨ ਲੋਕਾਂ ਨੂੰ ਠੰਡ ਮਹਿਸੂਸ ਹੁੰਦੀ ਰਹੀ। ਇਸ ਕਾਰਨ ਕਈ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ, ਮੋਹਾਲੀ ਵਿੱਚ 10.6 ਡਿਗਰੀ, ਚੰਡੀਗੜ੍ਹ ਵਿੱਚ 12.6, ਲੁਧਿਆਣਾ ਵਿੱਚ 11.9, ਪਟਿਆਲਾ ਵਿੱਚ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।