July 7, 2024 3:36 pm
ਡੇਂਗੂ

ਡੇਂਗੂ ਫੈਲਣ ਤੋਂ ਰੋਕਣ ਲਈ ਜਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਘਰਾਂ ਦੇ ਕੱਟੇ ਜਾਣਗੇ ਚਲਾਨ : ਡੀਸੀ ਅਮਿਤ ਤਲਵਾੜ

ਐਸ.ਏ.ਐਸ ਨਗਰ 16 ਨਵੰਬਰ 2022: ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਸਮੀਖਿਆ ਕੀਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁੱਧ ਸਖਤੀ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ।

ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪੈਡਿੰਗ ਪਏ ਕੰਮਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਤੰਬਾਕੂ ਦੀ ਵਰਤੋਂ ਸਬੰਧੀ ਕੋਟਪਾ (ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦ ਐਕਟ) ਤਹਿਤ ਵੀ ਵੱਧ ਤੋਂ ਵੱਧ ਚਲਾਨਿੰਗ ਕੀਤੀ ਜਾਵੇ।

ਮੀਟਿੰਗ ਦੀ ਸ਼ੁਰੂਆਤ ਵਿੱਚ ਸਿਹਤ ਵਿਭਾਗ ਵੱਲੋਂ ਕਿਹਾ ਗਿਆ ਕਿ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੇਸ਼ ਵਿੱਚੋਂ ਖਸਰੇ ਦੀ ਬਿਮਾਰੀ ਨੂੰ ਦਸੰਬਰ 2023 ਤੱਕ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਤਹਿਤ ਛੋਟੇ ਬੱਚਿਆ ਨੂੰ ਪਹਿਲਾ ਟੀਕਾ 9 ਮਹੀਨੇ ਦੀ ਉਮਰ ਵਿੱਚ ਅਤੇ ਦੂਸਰਾ ਟੀਕਾ 16 ਮਹੀਨੇ ਦੀ ਉਮਰ ਤੇ ਲਗਾਇਆ ਜਾਂਦਾ ਹੈ ।

ਜੇਕਰ ਕਿਸੇ ਹਲਾਤਾਂ ਵਿੱਚ ਇਹ ਟੀਕਾ ਲਗਣੋ ਰਹਿ ਜਾਦਾ ਹੈ ਤਾਂ 5 ਸਾਲ ਤੱਕ ਦੀ ਉਮਰ ਦੇ ਬੱਚੇ ਨੂੰ ਵੀ ਇਹ ਟੀਕਾ ਲਗਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਵਾਸੀ ਮਜਦੂਰਾ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਬੱਚਿਆ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਅਤੇ ਜਿਲ੍ਹੇ ਨੂੰ ਦਸਬੰਰ 2023 ਤੱਕ ਖਸਰਾ ਮੁਕਤ ਬਣਾਇਆ ਜਾ ਸਕੇ ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਖੜੇ ਪਾਣੀ ਵਿਚਲੇ ਪੈਦਾ ਹੋ ਰਹੇ ਡੇਂਗੂ ਦੇ ਲਾਰਵੇ ਨੂੰ ਵੀ ਚੈਕ ਕੀਤਾ ਜਾਵੇ ਅਤੇ ਜੇਕਰ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਥਾਂ ਨਾਲ ਸਬੰਧਤਾਂ ਦਾ ਚਾਲਾਨ ਕੀਤਾ ਜਾਵੇ । ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਨੀਲਾ ਕਾਰਡਧਾਰਕ, ਕਿਰਤ ਵਿਭਾਗ ਦੇ ਰਜਿਸਟਰਡ ਉਸਾਰੀ ਮਜ਼ਦੂਰ, ਪੰਜਾਬ ਮੰਡੀ ਬੋਰਡ ਨਾਲ ਰਜਿਸਟਰਡ ਕਿਸਾਨ, ਛੋਟੇ ਵਪਾਰੀ, ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਦਿੱਤੀਆ ਜਾ ਰਹੀਆਂ ਸਹੂਲਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ,ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਪੂਜਾ ਐਸ.ਗਰੇਵਾਲ,ਐਸ.ਡੀ.ਐਮ ਖਰੜ੍ਹ ਰਵਿੰਦਰ ਸਿੰਘ, ਐਸ.ਡੀ.ਐਮ ਡੇਰਾਬਸੀ ਹਿਮਾਂਸ਼ੂ ਗੁਪਤਾ, ਸਿਵਲ ਸਰਜਨ ਸ੍ਰੀਮਤੀ ਅਦਰਸ਼ਪਾਲ ਕੌਰ ਆਦਿ ਹਾਜ਼ਰ ਸਨ ।