ਸਫ਼ਾਈ ਕਰਮਚਾਰੀ ਕਮਿਸ਼ਨ

ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਨੇ ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ ਤੇ ਕਾਰਜਸਾਧਕ ਅਫ਼ਸਰਾਂ ਨੂੰ ਲਿਖਿਆ ਪੱਤਰ

ਚੰਡੀਗੜ੍ਹ, 3 ਸਤੰਬਰ 2021: ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਅੱਜ ਸੂਬੇ ਵਿੱਚ ਕੰਮ ਕਰਦੇ ਸਮੂਹ ਸੀਵਰਮੈਨਾਂ ਨੂੰ ਸੇਫ਼ਟੀ ਕਿੱਟਾਂ ਮੁਹੱਈਆ ਕਰਾਉਣ ਸਣੇ ਉਨ੍ਹਾਂ ਕੋਲੋਂ ਬਿਨਾਂ ਸੁਰੱਖਿਆ ਕਿੱਟਾਂ ਤੋਂ ਸੀਵਰ ਜਾਂ ਗਟਰ ਦੀ ਸਫ਼ਾਈ ਨਾ ਕਰਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ।

ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ, ਕਾਰਜਸਾਧਕ ਅਫ਼ਸਰਾਂ ਨੂੰ ਲਿਖੇ ਪੱਤਰ ਵਿੱਚ ਸ੍ਰੀ ਗੇਜਾ ਰਾਮ ਨੇ ਕਿਹਾ ਕਿ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਥਾਵਾਂ ‘ਤੇ ਹਾਲੇ ਵੀ ਸੀਵਰ ਦੀ ਸਫ਼ਾਈ ਦੌਰਾਨ ਅਣਗਹਿਲੀ ਵਰਤੀ ਜਾ ਰਹੀ ਹੈ ਅਤੇ ਜਿਥੇ ਕਿਤੇ ਵੀ ਅਧਿਕਾਰੀਆਂ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਕਮਿਸ਼ਨ ਵੱਲੋਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜੋ : ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੱਲੋ ਪੁਲਿਸ ਸੁਰੱਖਿਆ ਵਾਪਸ ਕੀਤੀ ਗਈ

ਸ੍ਰੀ ਵਾਲਮੀਕੀ ਨੇ ਕਿਹਾ ਕਿ ਹਾਲਾਂਕਿ ਅੱਜ ਕੱਲ੍ਹ ਜ਼ਿਆਦਾਤਰ ਸੀਵਰ ਦੀ ਸਫ਼ਾਈ ਦਾ ਕੰਮ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾ ਰਿਹਾ ਹੈ ਪਰ ਜਿਨ੍ਹਾਂ ਥਾਵਾਂ ‘ਤੇ ਮਸ਼ੀਨਾਂ ਨਹੀਂ ਪਹੁੰਚ ਸਕਦੀਆਂ, ਉਥੇ ਜੇਕਰ ਸੀਵਰਮੈਨਾਂ ਤੋਂ ਸਫ਼ਾਈ ਕਰਵਾਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਮੁਕੰਮਲ ਸੁਰੱਖਿਆ ਕਿੱਟ ਦੇਣ ਉਪਰੰਤ ਹੀ ਸਫ਼ਾਈ ਦਾ ਕਾਰਜ ਅਰੰਭਿਆ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਸੇਵਾ ਨਿਭਾਅ ਰਹੇ ਸੀਵਰਮੈਨਾਂ ਕੋਲੋ ਬਿਨਾਂ ਮੁਕੰਮਲ ਸੁਰੱਖਿਆ ਕਿੱਟਾਂ ਤੋਂ ਕੰਮ ਕਰਾਉਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੇਅਰਮੈਨ ਨੇ ਅੱਗੇ ਕਿਹਾ ਕਿ ਜੇ ਕਿਸੇ ਵੀ ਤੰਗ ਥਾਂ ਜਾਂ ਤੰਗ ਗਲੀ-ਮੁਹੱਲੇ ਵਿੱਚ ਸੀਵਰ ਦੀ ਸਫ਼ਾਈ ਦਾ ਕੰਮ ਸੀਵਰਮੈੱਨਾਂ ਦੁਆਰਾ ਕੀਤਾ ਜਾਣਾ ਜ਼ਰੂਰੀ ਹੈ ਤਾਂ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਸੀਵਰਮੈੱਨਾਂ ਦੁਆਰਾ ਸੀਵਰ ਦੀ ਸਫ਼ਾਈ ਦੌਰਾਨ ਸਬੰਧਤ ਅਧਿਕਾਰੀ ਦਾ ਮੌਕੇ ‘ਤੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ।

Scroll to Top