July 5, 2024 1:52 am
ਪੰਜਾਬੀ ਟਾਈਪਿੰਗ

ਕੰਪਿਊਟਰ ਸਿਖਲਾਈ ਪ੍ਰੋਗਰਾਮ ‘ਚ ਸਫਲਤਾ ਹਾਸਲ ਕਰਨ ਵਾਲੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ

ਪਟਿਆਲਾ 11 ਅਗਸਤ 2022: ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਪੰਜਾਬੀ ਕੰਪਿਊਟਰਕਾਰੀ ਲਈ ਜਾਰੀ ਲਗਾਤਾਰ ਸਿਖਲਾਈ ਕੋਰਸਾਂ ਦੀ ਬੇਮਿਸਾਲ ਸਫਲਤਾ ਨੂੰ ਦੇਖਦਿਆਂ ਇਸ ਦਾ ਖੇਤਰ ਵਧਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਧਿਆਪਕਾਂ ਤੇ ਖੋਜਾਰਥੀਆਂ ਦੀ ਸੱਤ ਰੋਜ਼ਾ ਕੰਪਿਊਟਰ ਵਰਕਸ਼ਾਪ ਦੇ ਸਮਾਪਤੀ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਨੇ ਕੀਤਾ।

ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਨੂੰ ਬਜ਼ਾਰ ਤੇ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਪੰਜਾਬੀ ਟਾਈਪਿੰਗ ਸਮੇਤ ਹੋਰਨਾਂ ਸਾਫ਼ਟਵੇਅਰਾਂ ਦਾ ਪ੍ਰਯੋਗੀ ਗਿਆਨ ਹੋਣਾ ਲਾਜ਼ਮੀ ਹੈ ਤੇ ਇਸ ਮੰਤਵ ਲਈ ਯੂਨੀਵਰਸਿਟੀ ਲੜੀਵਾਰ ਸਿਖਲਾਈ ਪ੍ਰੋਗਰਾਮਾਂ ਦੀ ਮੁਹਿੰਮ ਚਲਾ ਰਹੀ ਹੈ। ਇਸ ਮੌਕੇ ਡੀਨ ਭਾਸ਼ਾਵਾਂ ਡਾ. ਰਜਿੰਦਰਪਾਲ ਬਰਾੜ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਵਿਚ ਨਿਪੁੰਨਤਾ ਹਾਸਲ ਕਰਨ ਅਤੇ ਅਧਿਆਪਨ ਦੇ ਨਾਲ-ਨਾਲ ਪੰਜਾਬੀ ਕੰਪਿਊਟਰਕਾਰੀ ਵਿਚ ਪ੍ਰਯੋਗੀ ਮੁਹਾਰਤ ਹਾਸਲ ਕਰਨ ਲਈ ਸਹਾਇਤਾ ਕੇਂਦਰ ਦੀਆਂ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ‘ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਡਾ. ਸੀ ਪੀ ਕੰਬੋਜ ਦੀ ਅਗਵਾਈ ਹੇਠ ਚੱਲ ਰਹੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਨੂੰ ਹਾਲ ਹੀ ਵਿਚ ਪੰਜਾਬੀ ਵਿਭਾਗ ਦਾ ਹਿੱਸਾ ਬਣਾਇਆ ਗਿਆ ਹੈ ਤੇ ਇਸ ਨਾਲ ਕੇਂਦਰ ਦੇ ਸਿਖਲਾਈ ਪ੍ਰੋਗਰਾਮਾਂ ਨੂੰ ਹੋਰ ਹੁਲਾਰਾ ਮਿਲਿਆ ਹੈ। ਵਰਕਸ਼ਾਪ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਇਸ 54ਵੀਂ ਸੱਤ ਰੋਜ਼ਾ ਵਰਕਸ਼ਾਪ ਵਿਚ 32 ਖੋਜਾਰਥੀਆਂ, 11 ਅਧਿਆਪਕਾਂ ਤੇ ਇਕ ਪੱਤਰਕਾਰ ਨੇ ਹਿੱਸਾ ਲਿਆ।

ਇਸ ਸਮੇਂ ਮੁੱਖ ਮਹਿਮਾਨ ਪ੍ਰੋ. ਅਰਵਿੰਦ ਨੇ ਸਿਖਲਾਈ ਪ੍ਰੋਗਰਾਮ ਵਿਚ ਸਫਲਤਾ ਹਾਸਲ ਕਰਨ ਵਾਲੇ ਭਾਗੀਦਾਰਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਵਰਕਸ਼ਾਪ ਦੇ ਆਖ਼ਰੀ ਦਿਨ ਥਿਊਰੀ ਇਮਤਿਹਾਨ ਲਿਆ ਗਿਆ ਜਿਸ ਵਿਚੋਂ ਪੰਜਾਬੀ ਯੂਨੀਵਰਸਿਟੀ ਦੇ ਗੁਰਵਿੰਦਰ ਸਿੰਘ ਅਤੇ ਰਮਨਦੀਪ ਕੌਰ ਨੇ ਪਹਿਲਾ ਅਤੇ ਦਿਲੀ ਯੂਨੀਵਰਸਿਟੀ ਦੀ ਅਧਿਆਪਕ ਰਵਨੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।

ਇਨਸਕਰਿਪਟ ਟਾਈਪਿੰਗ, ਪੰਜਾਬੀ ਸਾਫ਼ਟਵੇਅਰਾਂ, ਵੈੱਬਸਾਈਟਾਂ ਤੇ ਐਪਸ ਦੇ ਅਧਾਰ ‘ਤੇ ਲਏ ਪ੍ਰਯੋਗੀ ਇਮਤਿਹਾਨ ਵਿਚੋਂ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਅਰਸ਼ਵੀਰ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧਿਆਪਕ ਸੁਖਦੇਵ ਸਿੰਘ ਨੇ ਅੱਵਲ ਦਰਜਾ ਹਾਸਲ ਕੀਤਾ। ਇਸ ਸਮੇਂ ਸੰਗੀਤ ਵਿਭਾਗ ਨਾਲ ਸਬੰਧਿਤ ਭਾਗੀਦਾਰ ਨੀਰੂ ਅਤੇ ਸਰਗਮ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਖ਼ਾਲਸਾ ਕਾਲਜ ਪਟਿਆਲਾ ਦੀ ਅਧਿਆਪਕ ਡਾ. ਸਵਰਨਜੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ।