Site icon TheUnmute.com

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ, ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਦੀਆਂ ਸੀਡੀਜ਼ ਸੌਂਪੀਆਂ

PUNJAB

ਚੰਡੀਗੜ੍ਹ, 27 ਅਕਤੂਬਰ 2023: ਪੰਜਾਬ (PUNJAB) ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸਿਬਿਨ ਸੀ ਵੱਲੋਂ ਅੱਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀ (ਬਿਨਾਂ ਫੋਟੋਆਂ) ਦੇ ਖਰੜੇ ਦੀ ਮੁੱਢਲੀ ਪ੍ਰਕਾਸ਼ਨਾ ਦੀਆਂ ਸੀਡੀਜ਼ ਸੌਂਪਣ ਲਈ ਮੀਟਿੰਗ ਕੀਤੀ ਗਈ। ਵੋਟਰ ਸੂਚੀ ਦੇ ਖਰੜੇ ਦੀ ਮੁੱਢਲੀ ਪ੍ਰਕਾਸ਼ਨਾ ਨਾਲ ਅੱਜ ਵੋਟਰ ਸੂਚੀ ਨੂੰ ਅਪਡੇਟ ਕਰਨ ਸਬੰਧੀ ਵਿਸ਼ੇਸ਼ ਮੁਹਿੰਮ: ਵਿਸ਼ੇਸ਼ ਸੰਖੇਪ ਸੋਧ – 2024 ਸ਼ੁਰੂ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਈ.ਓ. ਨੇ ਦੱਸਿਆ ਕਿ ਵੋਟਰ ਸੂਚੀ ਵਿੱਚ ਸੋਧ ਸਬੰਧੀ ਗਤੀਵਿਧੀਆਂ 27.10.2023 ਤੋਂ 09.12.2023 ਤੱਕ ਚੱਲਣਗੀਆਂ ਅਤੇ ਇਸ ਸਮੇਂ ਦੌਰਾਨ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ ਵਿੱਚ ਸੋਧ ਅਤੇ ਵੋਟ ਕਟਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਦੌਰਾਨ ਨਾਗਰਿਕਾਂ ਨੂੰ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਮੌਕਾ ਵੀ ਮਿਲੇਗਾ। ਮੀਟਿੰਗ ਦੌਰਾਨ ਸਿਬਿਨ ਸੀ ਵੱਲੋਂ ਚੋਣ ਪ੍ਰਕਿਰਿਆ ਦੀ ਮਜ਼ਬੂਤੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਕਿਵੇਂ ਤਕਨਾਲੋਜੀ ਦੀ ਵਰਤੋਂ ਕਰਕੇ ਹਰ ਪੜਾਅ ‘ਤੇ ਪਾਰਦਰਸ਼ਤਾ ਲਿਆਂਦੀ ਗਈ ਹੈ।

ਸਿਆਸੀ ਪਾਰਟੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਸੀ.ਈ.ਓ. ਪੰਜਾਬ (PUNJAB) ਨੇ ਦੱਸਿਆ ਕਿ 4 ਅਤੇ 5 ਨਵੰਬਰ, 2023 ਅਤੇ 2 ਅਤੇ 3 ਦਸੰਬਰ, 2023 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿੱਥੇ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਆਪੋ-ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਮੌਜੂਦ ਰਹਿਣਗੇ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥ ਲੈਵਲ ਏਜੰਟ (ਬੀ.ਐਲ.ਏ.) ਨਿਯੁਕਤ ਕਰਨ ਅਤੇ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕੈਂਪਾਂ ਵਿੱਚ ਭਾਗ ਲੈਣ ਦੀ ਵੀ ਅਪੀਲ ਕੀਤੀ।

ਸੀ.ਈ.ਓ. ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਯੋਗ ਨੌਜਵਾਨਾਂ ਨੂੰ ਵੋਟਰਾਂ ਵਜੋਂ ਰਜਿਸਟਰਡ ਹੋਣ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਮ੍ਰਿਤਕ ਵੋਟਰਾਂ ਦੀ ਵੋਟ ਕਟਵਾਉਣ ਸਬੰਧੀ ਪ੍ਰਕਿਰਿਆ ਵਿੱਚ ਚੋਣ ਅਮਲੇ ਨੂੰ ਸਹਿਯੋਗ ਦੇਣ ਲਈ ਕਿਹਾ।

Exit mobile version