ਚੰਡੀਗੜ੍ਹ 20 ਦਸੰਬਰ 2022: ਕੁਝ ਦਿਨ ਪਹਿਲਾਂ ਤਵਾਂਗ (Tawang) ਸੈਕਟਰ ‘ਚ ਭਾਰਤ-ਚੀਨੀ ਫੌਜੀਆਂ ਦਸਤਿਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਐੱਲਏਸੀ (LAC) ‘ਤੇ ਬਿਹਤਰ ਕਨੈਕਟੀਵਿਟੀ ਲਈ ਕੇਂਦਰ ਸਰਕਾਰ 23 ਨਵੇਂ ਮੋਬਾਈਲ ਟਾਵਰ ਲਗਾਉਣ ਜਾ ਰਹੀ ਹੈ। ਤਵਾਂਗ ਜ਼ਿਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ 9 ਦਸੰਬਰ ਨੂੰ ਯੰਗਤਸੇ ‘ਚ ਭਾਰਤ-ਚੀਨ ਫੌਜਾਂ ਦੀ ਝੜਪ ਤੋਂ ਬਾਅਦ ਲਿਆ ਗਿਆ ਹੈ। ਇਸਦੇ ਨਾਲ ਹੀ ਤਵਾਂਗ ਦੇ ਡਿਪਟੀ ਕਮਿਸ਼ਨਰ ਕੇਐਨ ਦਾਮੋ ਨੇ ਕਿਹਾ ਕਿ ਸਰਕਾਰ ਦੇ ਫੈਸਲੇ ਅਨੁਸਾਰ ਬੀਐਸਐਨਐਲ ਅਤੇ ਭਾਰਤੀ ਏਅਰਟੈੱਲ ਤਵਾਂਗ ਵਿੱਚ ਸੰਪਰਕ ਨੂੰ ਬਿਹਤਰ ਬਣਾਉਣ ਲਈ 23 ਨਵੇਂ ਮੋਬਾਈਲ ਟਾਵਰ ਲਗਾਉਣਗੇ।
ਅਧਿਕਾਰੀਆਂ ਨੇ ਕਿਹਾ ਇਸ ਖੇਤਰ ਵਿੱਚ ਮੌਜੂਦਾ ਮੋਬਾਈਲ ਟਾਵਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਯੋਗ ਨਹੀਂ ਹਨ। ਇਸ ਕਾਰਨ ਰੱਖਿਆ ਬਲਾਂ ਦੇ ਨਾਲ-ਨਾਲ ਸਰਹੱਦੀ ਇਲਾਕਿਆਂ ‘ਚ ਰਹਿਣ ਵਾਲੇ ਆਮ ਨਾਗਰਿਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਪਹਿਲਾਂ ਸਰਹੱਦੀ ਖੇਤਰਾਂ ਵਿੱਚ ਕੋਈ ਮੋਬਾਈਲ ਨੈੱਟਵਰਕ ਨਹੀਂ ਸੀ, ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਬੁਮਲਾ ਅਤੇ ਵਾਈ-ਜੰਕਸ਼ਨ ‘ਤੇ ਵੀ ਇੰਟਰਨੈੱਟ ਸੇਵਾ ਅਤੇ ਮੋਬਾਈਲ ਕਨੈਕਟੀਵਿਟੀ ਹੈ। ਹਾਲਾਂਕਿ, ਇਸ ਵਿੱਚ ਸੁਧਾਰ ਦੀ ਲੋੜ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤਵਾਂਗ (Tawang) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 43 ਨਵੇਂ ਟਾਵਰਾਂ ਦੀ ਮੰਗ ਕੀਤੀ ਗਈ ਸੀ। ਹਾਲਾਂਕਿ 23 ਨਵੇਂ ਟਾਵਰ ਲਗਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਮੋਬਾਈਲ ਟਾਵਰ ਲਗਾਉਣਾ ਇੱਕ ਚੁਣੌਤੀ ਹੋਵੇਗੀ ਕਿਉਂਕਿ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਹੁੰਦੀ ਹੈ।