Site icon TheUnmute.com

ਕੇਂਦਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜੂਰ ਸਾਹਿਬ ਲਈ 3 ਨਵੀਆਂ ਰੇਲ ਲਾਈਨਾਂ ਦੀ ਘੋਸ਼ਣਾ: ਸਤਨਾਮ ਸਿੰਘ ਸੰਧੂ

Satnam Singh Sandhu News

ਨਵੀਂ ਦਿੱਲੀ/ਚੰਡੀਗੜ੍ਹ, 2 ਦਸੰਬਰ 2024: ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ (Satnam Singh Sandhu) ਨੇ ਸੰਸਦ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ‘ਚੋਂ ਇੱਕ ਤਖ਼ਤ ਸ੍ਰੀ ਹਜੂਰ ਸਾਹਿਬ (Takht Sri Hazur Sahib) (ਨਾਂਦੇੜ ਸਾਹਿਬ) ਨਾਲ ਸੰਪਰਕ (ਕੁਨੈਕਟਿਵਿਟੀ) ਨੂੰ ਵਧਾਉਣ ਦਾ ਮੁੱਦਾ ਚੁੱਕਿਆ ਹੈ।

ਸੰਸਦ ਦੇ ਪ੍ਰਸ਼ਨ ਕਾਲ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਨਾਂਦੇੜ ਜ਼ਿਲ੍ਹੇ ‘ਚ ਸਥਿਤ ਤਖ਼ਤ ਸ੍ਰੀ ਹਜੂਰ ਸਾਹਿਬ ਨਾਲ ਸੰਪਰਕ ਵਧਾਉਣ ਅਤੇ ਬਿਹਤਰ ਕਰਨ ਦਾ ਮੁੱਦਾ ਚੁੱਕਦਿਆਂ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੁੱਛਿਆ।

ਕੇਂਦਰ ਸਰਕਾਰ ਤਖ਼ਤ ਸ੍ਰੀ ਹਜੂਰ ਸਾਹਿਬ ਨਾਲ ਹਵਾਈ ਸੰਪਰਕ ਵਧਾਏਗੀ। ਉਨ੍ਹਾਂ ਸਰਕਾਰ ਵੱਲੋਂ ਸਿੱਖ ਧਰਮ ਨਾਲ ਸਬੰਧਤ ਧਾਰਮਿਕ ਅਤੇ ਇਤਿਹਾਸਕ ਸਥਾਨਾ ਲਈ ਆਯੋਜਿਤ ਕੀਤੇ ਗਏ ਨਵੇਂ ਹਵਾਈ ਸੰਪਰਕ ਪ੍ਰਾਜੈਕਟਾਂ ਬਾਰੇ ਵੀ ਵੇਰਵੇ ਸਾਂਝੇ ਕਰਨ ਲਈ ਕਿਹਾ।

ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਸਿੱਖ ਧਰਮ ਦੇ ਪੰਜ ਤਖਤਾਂ ‘ਚੋਂ ਇੱਕ ਹੈ ਅਤੇ ਵਿਸ਼ਵ ਭਰ ਦੇ ਸਿੱਖਾਂ ਲਈ ਇਸ ਦੀ ਬਹੁਤ ਮਹੱਤਤਾ ਹੈ। ਇਹ ਉਹ ਸਥਾਨ ਹੈ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸੰਸਾਰਕ ਜੀਵਨ ਤਿਆਗ ਜਯੋਤੀ-ਜੋਤਿ ਸਮਾ ਅਕਾਲ ਪੁਰਖ ਵਾਹਿਗੁਰੂ ‘ਚ ਅਭੇਦ ਹੋ ਗਏ ਸਨ। ਹਰ ਸਾਲ ਔਸਤਨ 6 ਲੱਖ ਤੋਂ ਵੱਧ ਸ਼ਰਧਾਲੂ ਦੁਨੀਆ ਭਰ ਤੋਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ।

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੇ ਸਵਾਲ ਦੇ ਲਿਖਤੀ ਜਵਾਬ ‘ਚ, ਭਾਰਤ ਸਰਕਾਰ ਦੇ ਕੇਂਦਰੀ ਉਡਾਨ ਮੰਤਰੀ, ਕਿੰਜਰਾਪੂ ਰਾਮਮੋਹਨ ਨਾਇਡੂ ਨੇ ਰਾਜ ਸਭਾ ‘ਚ ਦੱਸਿਆ, “ਐਮਆਈਡੀਸੀ (ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ) ਦੀ ਮਲਕੀਅਤ ਵਾਲਾ ਨਾਂਦੇੜ ਹਵਾਈ ਅੱਡਾ ਅਪ੍ਰੈਲ, 2017 ‘ਚ ਉਡਾਣਾ ਲਈ ਸ਼ੁਰੂ ਕੀਤਾ ਗਿਆ ਸੀ।

ਉਡਾਨ 5.0 ਤਹਿਤ, ਨਾਂਦੇੜ ਤੋਂ ਅਹਿਮਦਾਬਾਦ, ਹਿੰਡਨ, ਬੰਗਲੌਰ, ਹੈਦਰਾਬਾਦ, ਨਾਗਪੁਰ, ਪੁਣੇ, ਪਟਨਾ, ਆਦਮਪੁਰ ਅਤੇ ਗੋਆ ਤੱਕ ਹਵਾਈ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਸਕੀਮ ਤਹਿਤ 9 ਸ਼ਹਿਰਾਂ ਤੋਂ ਉਡਾਣਾਂ ਤਖ਼ਤ ਸ੍ਰੀ ਹਜੂਰ ਸਾਹਿਬ ਨਾਲ ਬਿਹਤਰ ਕੁਨੈਕਟਿਵਿਟੀ ਲਈ ਚੁੱਕਿਆ ਗਿਆ ਕਦਮ ਹੈ। ਇਸ ਤੋਂ ਇਲਾਵਾ ਸਟਾਰ ਏਅਰ ਨੇ ਮਾਰਚ 2024 ‘ਚ ਨਾਂਦੇੜ ਤੋਂ ਅਹਿਮਦਾਬਾਦ, ਹਿੰਡਨ, ਬੈਂਗਲੁਰੂ ਅਤੇ ਹੈਦਰਾਬਾਦ ਅਤੇ ਜੂਨ, 2024 ‘ਚ ਨੰਦੇੜ ਤੋਂ ਨਾਗਪੁਰ ਅਤੇ ਪੁਣੇ ਲਈ 76 ਸੀਟਾ ਦੇ ਜਹਾਜ਼ ਦੀ ਕਿਸਮ ਨਾਲ ਇਸ ਰੂਟ ‘ਤੇ ਸੰਚਾਲਨ ਸ਼ੁਰੂ ਕੀਤਾ ਹੈ।”

ਇੱਕ ਹੋਰ ਸਵਾਲ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਰੇਲ ਮੰਤਰੀ ਨੂੰ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਲ ਸੰਪਰਕ ਸੁਧਾਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੇ ਰੇਲ ਸੰਪਰਕ ਪ੍ਰਾਜੈਕਟਾਂ ਬਾਰੇ ਪੁੱਛਿਆ। ਸੰਧੂ ਨੇ ਸ੍ਰੀ ਹਜੂਰ ਸਾਹਿਬ ਲਈ ਨਵੇਂ ਰੇਲ ਸੰਪਰਕ ਪ੍ਰਾਜੈਕਟਾਂ ਬਾਰੇ ਵੇਰਵੇ ਸਾਂਝੇ ਕਰਨ ਲਈ ਕਿਹਾ ਅਤੇ ਕੀ ਸਰਕਾਰ ਇਸ ਵੇਲੇ ਚੱਲ ਰਹੀ “ਵੰਦੇ ਭਾਰਤ ਰੇਲ” ਜੋ ਕਿ ਜਾਲਨਾ ਸਟੇਸ਼ਨ ਤੋਂ ਮੁੰਬਈ ਤੱਕ ਦੇ ਰੂਟ ‘ਤੇ ਚਲਦੀ ਹੈ ਨੂੰ ਤਖਤ ਸੱਚਖੰਡ ਸ੍ਰੀ ਹਜੂਰ ਰ ਸਾਹਿਬ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲਿਖਤੀ ਜਵਾਬ ਦਿੰਦਿਆਂ ਕਿਹਾ, “ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ, ਨਾਦੇੜ ਪਹਿਲਾਂ ਹੀ ਰੇਲਵੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਕੁਨੇਕਟਿਵਿਟੀ ਨੂੰ ਹੋਰ ਬਿਹਤਰ ਬਣਾਉਣ ਲਈ, ਨਾਂਦੇੜ ਖੇਤਰ ‘ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ ਹੈ |

ਜਿਸ ‘ਚ ਔਰੰਗਾਬਾਦ ਅੰਕਾਈ (98 ਕਿਲੋਮੀਟਰ), ਪਾਰਲੀ-ਪਰਭਨੀ (64.71 ਕਿਲੋਮੀਟਰ) ਨੂੰ ਦੁੱਗਣਾ ਕਰਨਾ, ਵਰਧਾ ਅਤੇ ਨਾਂਦੇੜ ਵਿਚਕਾਰ ਨਵੀਂ ਰੇਲਵੇ ਲਾਈਨ (ਯੇਵਤਮਾਲ-ਪੁਸੂਦ ਰਾਹੀਂ) (284 ਕਿਲੋਮੀਟਰ), ਅੰਕਾਈ ਬਾਈਪਾਸ (2.211 ਕਿਲੋਮੀਟਰ), ਪੂਰਨਾ ਬਾਈਪਾਸ (3.22 ਕਿਲੋਮੀਟਰ), ਮੁਦਖੇੜ ਬਾਈਪਾਸ (2.57 ਕਿਲੋਮੀਟਰ) ਅਤੇ ਨਵੀਂ ਰੇਲ ਲਾਈਨ ਅਹਿਮਦਨਗਰ-ਬੀਡ-ਪਾਰਲੇ ਵੈਜਨਾਥ (261 ਕਿਲੋਮੀਟਰ) ਸ਼ਾਮਲ ਹਨ।

ਉਨ੍ਹਾਂ ਪ੍ਰੋਜੈਕਟਾਂ ਬਾਰੇ ਵੇਰਵੇ ਸਾਂਝੇ ਕਰਦਿਆਂ ਜਿਨ੍ਹਾਂ ਲਈ ਨਾਂਦੇੜ ਖੇਤਰ’ ‘ਚ ਸਰਵੇਖਣਾਂ ਨੂੰ ਮਨਜੂਰੀ ਦਿੱਤੀ ਗਈ ਹੈ, ਰੇਲ ਮੰਤਰੀ ਨੇ ਕਿਹਾ, “ਇੱਥੇ ਕਈ ਪ੍ਰੋਜੈਕਟ ਹਨ ਜਿਨ੍ਹਾਂ ਲਈ ਸਰਵੇਖਣਾਂ ਨੂੰ ਮਨਜੂਰੀ ਦਿੱਤੀ ਗਈ ਹੈ ਜਿਸ ‘ਚ ਪਰਭਣੀ ਔਰੰਗਾਬਾਦ (177 ਕਿਲੋਮੀਟਰ), ਅਕੋਲਾ ਪੂਰਨਾ (212 ਕਿਲੋਮੀਟਰ), ਬਿਦਰ-ਨਾਂਦੇੜ (155 ਕਿਲੋਮੀਟਰ) ਦੇ ਵਿਚਕਾਰ ਨਵੀਂ ਲਾਈਨ, ਲਾਤੂਰ ਰੋਡ ਅਤੇ ਨਾਦੇੜ ਵਿਚਕਾਰ ਨਵੀਂ ਲਾਈਨ (104 ਕਿਲੋਮੀਟਰ) ਸ਼ਾਮਲ ਹਨ।

ਹਜੂਰ ਸਾਹਿਬ ਨਾਦੇੜ ਨੂੰ ਵਰਤਮਾਨ ‘ਚ ਕਈ ਐਕਸਪ੍ਰੈਸ ਅਤੇ ਕਈ ਯਾਤਰੀ ਰੇਲ ਸੇਵਾਵਾਂ ਦੁਆਰਾ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ। ਇਸ ਤੋਂ ਇਲਾਵਾ, ਹਜੂਰ ਸਾਹਿਬ ਨਾਦੇੜ ਮੁੰਬਈ ਸੈਕਟਰ ਅਤੇ ਹਜੂਰ ਸਾਹਿਬ ਨਾਦੇੜ-ਜਾਲਨਾ ਸੈਕਟਰ ਨੂੰ ਇਸ ਸਮੇਂ 5 ਅਤੇ 20 ਜੋੜ ਰੇਲ ਸੇਵਾਵਾਂ ਦੁਆਰਾ ਸੇਵਾ ਦਿੱਤੀ ਜਾ ਰਹੀ ਹੈ। ਹਾਲਾਂਕਿ, ਵੰਦੇ ਭਾਰਤ ਰੇਲ ਸੇਵਾਵਾਂ ਸਣੇ ਹੋਰ ਰੇਲ ਸੇਵਾਵਾਂ ਦਾ ਵਿਸਤਾਰ ਭਾਰਤੀ ਰੇਲਵੇ ‘ਤੇ ਇੱਕ ਚੱਲ ਰਹੀ ਪ੍ਰਕਿਰਿਆ ਹੈ, ਜੋ ਟੈਫਿਕ ਜਾਇਜ਼ਤਾ, ਸੰਚਾਲਨ ਸੰਭਾਵਨਾ ਸਰੋਤਾਂ ਦੀ ਉਪਲਬਧਤਾ ਦੇ ਅਧੀਨ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਇਹ ਦੇਖਣਾ ਉਤਸ਼ਾਹਜਨਕ ਹੈ ਕਿ ਨੌ ਥਾਵਾਂ ਤੋਂ ਨਾਂਦੇੜ ਲਈ ਉਡਾਣਾਂ ਨੂੰ ਮਨਜੂਰੀ ਦਿੱਤੀ ਹੈ, ਜਿਨ੍ਹਾਂ ‘ਚੋਂ ਛੇ ਪਹਿਲਾਂ ਹੀ ਚਾਲੂ ਹਨ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਉਹ ਸਥਾਨ ਹੈ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸੰਸਾਰਕ ਜੀਵਨ ਤਿਆਗ ਜਯੋਤੀ-ਜੋਤਿ ਸਮਾ ਅਕਾਲ ਪੁਰਖ ਵਾਹਿਗੁਰੂ ‘ਚ ਅਭੇਦ ਹੋ ਗਏ ਸਨ। ਇਸ ਪਵਿੱਤਰ ਧਰਤੀ ‘ਤੇ ਹੀ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਸਦੀਵੀਂ ਗੁਰੂ ਸ਼ਬਦ ਨਾਲ ਜੋੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਸੀ। ਹਜੂਰ ਸਾਹਿਬ ਵਿਖੇ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਦਾ ਦੀ ਮੌਜੂਦ ਮੰਨੇ ਜਾਂਦੇ ਹਨ। ਲੱਖਾਂ ਨਹੀਂ ਸਗੋਂ ਅਰਬਾਂ ਸ਼ਰਧਾਲੂ ਇਸ ਪਵਿੱਤਰ ਅਸਥਾਨ ‘ਤੇ ਮੱਥਾ ਟੇਕਣਾ ਚਾਹੁੰਦੇ ਹਨ, ਪਰ ਸੰਪਰਕ ਹਮੇਸ਼ਾ ਇੱਕ ਚੁਣੌਤੀ ਬਣਿਆ ਰਿਹਾ ਹੈ।”

ਸੱਚਖੰਡ ਨਾਲ ਜੁੜਨ ਬਾਰੇ ਗੱਲ ਕਰਦਿਆਂ, ਸਤਨਾਮ ਸੰਧੂ ਨੇ ਵਿਸਥਾਰ ਨਾਲ ਦੱਸਿਆ, “ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਧਰਮ ਦੇ ਤਖਤਾਂ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਅਣਗਿਣਤ ਕਦਮ ਚੁੱਕੇ ਹਨ ਅਤੇ ਇਨ੍ਹਾਂ ਤਖ਼ਤਾਂ ਨੂੰ ਜੋੜਨ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਹਨ। ਪ੍ਰਧਾਨ ਮੰਤਰੀ ਨੇ ਉਡਾਨ ਸਕੀਮ ਤਹਿਤ ਪਹਿਲਾਂ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਉਡਾਣਾਂ ਦਾ ਐਲਾਨ ਕੀਤਾ ਸੀ |

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਕਦਰਾਂ-ਕੀਮਤਾਂ ਨੂੰ ਧਿਆਨ ‘ਚ ਰੱਖਦਿਆਂ ਪਿਛਲੇ 10 ਸਾਲਾਂ ‘ਚ ਮਹਾਰਾਸ਼ਟਰ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਤਖ਼ਤ ਸ੍ਰੀ ਹਜੂਰ ਸਾਹਿਬ ਜੋ ਕਿ ਸਿੱਖ ਧਰਮ ਦੇ ਪੰਜ ਤਖ਼ਤਾਂ ‘ਚੋਂ ਇੱਕ ਹੈ | ਇਨ੍ਹਾਂ ਨਾਲ ਹਵਾਈ ਅਤੇ ਰੇਲ ਸੰਪਰਕ ਵਧਾਉਣ ਅਤੇ ਬਿਹਤਰ ਕਰਨ ਲਈ ਕਈ ਉਪਰਾਲੇ ਕੀਤੇ ਹਨ।

ਕੇਂਦਰ ਸਰਕਾਰ ਨੇ ਉਡਾਨ 5.0 ਤਹਿਤ, ਨਾਂਦੇੜ ਤੋਂ ਅਹਿਮਦਾਬਾਦ, ਹਿੰਡਨ, ਬੰਗਲੌਰ, ਹੈਦਰਾਬਾਦ, ਨਾਗਪੁਰ, ਪੁਣੇ, ਪਟਨਾ, ਆਦਮਪੁਰ ਅਤੇ ਗੋਆ ਤੱਕ ਹਵਾਈ ਸੰਪਰਕ ਬਣਾਇਆ ਜਾ ਰਿਹਾ ਹੈ। ਇਸੇ ਸਕੀਮ ਤਹਿਤ 9 ਸ਼ਹਿਰਾਂ ਤੋਂ ਉਡਾਣਾਂ ਤਖ਼ਤ ਸ੍ਰੀ ਹਜੂਰ ਸਾਹਿਬ ਨਾਲ ਬਿਹਤਰ ਕੁਨੈਕਟਿਵਿਟੀ ਲਈ ਚੁੱਕਿਆ ਕਦਮ ਹੈ।

ਪਵਿੱਤਰ ਸਿੱਖ ਗੁਰਧਾਮਾਂ ‘ਚੋਂ ਇੱਕ ਦੀ ਮੁਸ਼ਕਿਲ ਰਹਿਤ ਤੇ ਪਹੁੰਚਯੋਗ ਯਾਤਰਾ ਲਈ ਵਰਤਮਾਨ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜੂਰ ਸਾਹਿਬ ਨਾਂਦੇੜ ਨੂੰ ਵਰਤਮਾਨ ‘ਚ ਕਈ ਐਕਸਪ੍ਰੈਸ ਅਤੇ ਕਈ ਯਾਤਰੀ ਰੇਲ ਸੇਵਾਵਾਂ ਦੁਆਰਾ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜਲੰਧਰ ਦੇ ਆਦਮਪੁਰ ਤੋਂ ਨਾਂਦੇੜ ਸਾਹਿਬ ਤੱਕ ਏਅਰਲਾਈਨ ਸੇਵਾਵਾ ਇਸ ਸਾਲ ਕੇਂਦਰ ਸਰਕਾਰ ਅਧੀਨ ਮੁੜ ਸੁਰੂ ਕੀਤੀਆਂ ਗਈਆਂ ਸਨ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨੀਂ ਅੰਮ੍ਰਿਤਸਰ ਤੋਂ ਸ੍ਰੀ ਹਜੂਰ ਸਾਹਿਬ ਲਈ ਉਡਾਣ ਸੇਵਾਵਾਂ ਛੇਤੀ ਹੀ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ।

ਇਸਦੇ ਨਾਲ ਪੰਜਾਬ ਦੇ ਸਿੱਖ ਸ਼ਰਧਾਲੂਆਂ ਨੂੰ ਆਸਾਨ ਤੇ ਮੁਸ਼ਕਿਲ ਰਹਿਤ ਯਾਤਰਾ ਦੀ ਸਹੂਲਤ ਮਿਲੇਗੀ। ਤਖ਼ਤ ਹਜੂਰ ਸਾਹਿਬ ਨਾਲ ਹਵਾਈ ਸੰਪਰਕ ਵਧਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਹੋਰ ਉਡਾਣਾਂ ਸੁਰੂ ਕੀਤੀਆਂ ਜਾਣਗੀਆਂ। ਹਰ ਸਾਲ ਲੱਖਾਂ ਸ਼ਰਧਾਲੂ ਸਿੱਖ ਧਾਰਮਿਕ ਅਸਥਾਨ ਦੇ ਦਰਸ਼ਨ ਕਰਦੇ ਹਨ।

ਇਹ ਜਾਣਕਾਰੀ ਕੇਂਦਰੀ ਉਡਾਨ ਮੰਤਰੀ ਅਤੇ ਕੇਂਦਰੀ ਰੇਲ ਮੰਤਰੀ, ਭਾਰਤ ਸਰਕਾਰ ਨੇ ਰਾਜ ਸਭਾ ‘ਚ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਕੇਂਦਰ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਨਾਂਦੇੜ ਜਿਲ੍ਹੇ ‘ਚ ਸਥਿਤ ਤਖ਼ਤ ਸ੍ਰੀ ਹਜੂਰ ਸਾਹਿਬ ਨਾਲ ਹਵਾਈ ਅਤੇ ਰੋਲ ਸੰਪਰਕ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ‘ਚ ਸਾਂਝੀ ਕੀਤੀ।

 

Exit mobile version