ਚੰਡੀਗੜ੍ਹ 04 ਮਾਰਚ 2022: ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ (CAPF) ਲਈ 1523 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਇਨ੍ਹਾਂ ਬਲਾਂ ਲਈ ਅਤਿ-ਆਧੁਨਿਕ ਹਥਿਆਰਾਂ ਦੀ ਖਰੀਦ ਕੀਤੀ ਜਾਵੇਗੀ ਅਤੇ ਅਗਲੇ ਪੰਜ ਸਾਲਾਂ ‘ਚ ਇਨ੍ਹਾਂ ਦੇ ਆਈਟੀ ਬੁਨਿਆਦੀ ਢਾਂਚੇ ‘ਚ ਸੁਧਾਰ ਕੀਤਾ ਜਾਵੇਗਾ। ਹਥਿਆਰਬੰਦ ਕੇਂਦਰੀ ਬਲਾਂ ‘ਚ ਸੀਆਰਪੀਐਫ ਅਤੇ ਬੀਐਸਐਫ ਦੋਵੇਂ ਸ਼ਾਮਲ ਹਨ।
ਇਸ ਸੰਬੰਧ ‘ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਕਿ ਸੀਏਪੀਐਫ ਦੀ ਆਧੁਨਿਕੀਕਰਨ ਯੋਜਨਾ-4 ਨੂੰ ਲਾਗੂ ਕਰਨ ਨਾਲ ਇਨ੍ਹਾਂ ਬਲਾਂ ਦੀ ਕੁਸ਼ਲਤਾ ਨੂੰ ਵਧਾਉਣ ਅਤੇ ਤਿਆਰੀ ‘ਚ ਸੁਧਾਰ ਕਰਨ ‘ਚ ਮਦਦ ਮਿਲੇਗੀ। ਇਸ ਨਾਲ ਦੇਸ਼ ਦੀ ਅੰਦਰੂਨੀ ਸੁਰੱਖਿਆ ਵਿਵਸਥਾ ਮਜ਼ਬੂਤ ਹੋਵੇਗੀ। 1,523 ਕਰੋੜ ਰੁਪਏ ਦੀ ਲਾਗਤ ਵਾਲੀ CAPF ਆਧੁਨਿਕੀਕਰਨ ਯੋਜਨਾ-4, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ, 1 ਫਰਵਰੀ, 2022 ਤੋਂ 31 ਮਾਰਚ, 2026 ਤੱਕ ਗ੍ਰਹਿ ਮੰਤਰਾਲੇ ਦੁਆਰਾ ਲਾਗੂ ਕੀਤੀ ਜਾਵੇਗੀ।