ਚੰਡੀਗੜ੍ਹ 10 ਸਤੰਬਰ 2022: ਚੀਨ ਦੇ ਨਾਲ ਅਸਲ ਕੰਟਰੋਲ ਰੇਖਾ (LAC) ‘ਤੇ ਲੋਹਿਤ ਘਾਟੀ ਦੇ ਨਾਲ ਇੱਕ ਫੌਜੀ ਅੱਡੇ ਅਤੇ ਇਸ ਪਹਾੜੀ ਖੇਤਰ ਵਿੱਚ ਇੱਕ ਪ੍ਰਮੁੱਖ ਸੜਕ ਦਾ ਨਾਮ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ CDS ਬਿਪਿਨ ਰਾਵਤ (CDS Bipin Rawat) ਦੇ ਨਾਮ ‘ਤੇ ਰੱਖਿਆ ਗਿਆ ਹੈ।
ਹੈਲੀਕਾਪਟਰ ਹਾਦਸੇ ਵਿੱਚ ਰਾਵਤ ਦੀ ਮੌਤ ਦੇ ਨੌਂ ਮਹੀਨੇ ਬਾਅਦ ਇਹ ਨਾਮਕਰਨ ਕੀਤਾ ਗਿਆ ਹੈ। ਰਾਵਤ ਨੇ 1999 ਤੋਂ 2000 ਤੱਕ ਕਿਬਿਥੂ ਵਿੱਚ ਆਪਣੀ ਬਟਾਲੀਅਨ 5/11 ਗੋਰਖਾ ਰਾਈਫਲਜ਼ ਦੀ ਕਮਾਂਡਿੰਗ ਕੀਤੀ ਸੀ ਅਤੇ ਖੇਤਰ ਵਿੱਚ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਸੀ।
ਕਿਬਿਥੂ ਫੌਜੀ ਕੈਂਪ ਅਤੇ ਵਾਲੋਂਗ ਤੋਂ ਕਿਬਿਥੂ ਤੱਕ 22 ਕਿਲੋਮੀਟਰ ਦੀ ਸੜਕ ਦਾ ਨਾਂ ਜਨਰਤ ਰਾਵਤ (CDS Bipin Rawat) ਦੇ ਨਾਂ ‘ਤੇ ਰੱਖਿਆ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ, ਮੁੱਖ ਮੰਤਰੀ ਪੇਮਾ ਖਾਂਡੂ, ਪੂਰਬੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲੀਤਾ ਅਤੇ ਜਨਰਲ ਰਾਵਤ ਦੀਆਂ ਬੇਟੀਆਂ ਕ੍ਰਿਤਿਕਾ ਅਤੇ ਤਾਰਿਣੀ ਨਾਮਕਰਨ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਸਮਾਰੋਹ ਵਿੱਚ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।