CBI raids

ਸੀਬੀਆਈ ਵਲੋਂ ਰੇਲਵੇ ਇੰਜੀਨੀਅਰ ਦੇ ਟਿਕਾਣਿਆਂ ‘ਤੇ ਛਾਪੇਮਾਰੀ, 1.38 ਕਰੋੜ ਰੁਪਏ ਦੀ ਨਕਦੀ ਜ਼ਬਤ

ਚੰਡੀਗੜ੍ਹ 06 ਦਸੰਬਰ 2022: ਕੇਂਦਰੀ ਜਾਂਚ ਏਜੰਸੀ ਸੀਬੀਆਈ (CBI) ਨੇ ਉੱਤਰੀ ਰੇਲਵੇ (Northern Railway) ਦੇ ਡਿਪਟੀ ਚੀਫ਼ ਇੰਜੀਨੀਅਰ ਅਰੁਣ ਕੁਮਾਰ ਮਿੱਤਲ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 1.38 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਲਖਨਊ ‘ਚ ਤਾਇਨਾਤ ਅਰੁਣ ਮਿੱਤਲ ਨੂੰ ਪਿਛਲੇ ਹਫਤੇ ਇਕ ਠੇਕੇਦਾਰ ਤੋਂ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ।

ਸੀਬੀਆਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਮਿੱਤਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਏਜੰਸੀ ਨੇ ਉਸ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਜਿਸ ਦੌਰਾਨ 1.38 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਤੋਂ ਇਲਾਵਾ ਇੰਜੀਨੀਅਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ‘ਚ 1.13 ਕਰੋੜ ਰੁਪਏ ਦੀ ਰਕਮ ਦਾ ਪਤਾ ਲੱਗਾ ਹੈ।

ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਲਗਭਗ 11 ਲੱਖ ਰੁਪਏ ਦੇ ਸੋਨੇ ਦੇ ਗਹਿਣੇ, ਰੇਲਵੇ ਵਿਕਰੇਤਾਵਾਂ ਅਤੇ ਠੇਕੇਦਾਰਾਂ ਸਮੇਤ ਹੋਰ ਪਾਰਟੀਆਂ ਦੀਆਂ ਵੱਖ-ਵੱਖ ਜਾਇਦਾਦਾਂ ਅਤੇ ਸਮੱਗਰੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਅਰੁਣ ਮਿੱਤਲ ਨੂੰ 1 ਦਸੰਬਰ ਨੂੰ ਲਖਨਊ ਵਿੱਚ ਚਾਰਬਾਗ ਪ੍ਰਾਜੈਕਟ ਦੇ ਕੰਮ ਵਿੱਚ ਲੱਗੀ ਫਰਮ ਦੇ ਬਿੱਲਾਂ ਨੂੰ ਕਲੀਅਰ ਕਰਨ ਲਈ ਠੇਕੇਦਾਰ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਏਜੰਸੀ ਨੇ ਜਾਲ ਵਿਛਾ ਕੇ ਮਿੱਤਲ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

Scroll to Top