ਚੰਡੀਗੜ੍ਹ 16 ਫਰਵਰੀ 2024: ਕੇਂਦਰੀ ਜਾਂਚ ਬਿਊਰੋ (CBI) ਦੀ ਟੀਮ ਨੇ ਪੰਜਾਬ ਦੇ ਜਲੰਧਰ ਸਥਿਤ ਖੇਤਰੀ ਪਾਸਪੋਰਟ ਦਫਤਰ ‘ਤੇ ਛਾਪਾ ਮਾਰ ਕੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਹੈ। ਸੀਬੀਆਈ ਦੀ ਟੀਮ ਨੇ ਅਨੂਪ ਸਿੰਘ ਦੇ ਨਾਲ ਜਲੰਧਰ ਦੇ ਸਹਾਇਕ ਪਾਸਪੋਰਟ ਅਫਸਰ ਹਰੀਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸਾਰਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਟੀਮ ਚੰਡੀਗੜ੍ਹ ਲਈ ਰਵਾਨਾ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਸੀਬੀਆਈ (CBI) ਦੀ ਟੀਮ ਸਵੇਰੇ ਹੀ ਚੰਡੀਗੜ੍ਹ ਤੋਂ ਜਲੰਧਰ ਪਹੁੰਚ ਗਈ ਸੀ। ਟੀਮ ਵਿੱਚ ਸ਼ਾਮਲ ਕੁਝ ਅਧਿਕਾਰੀ ਪਾਸਪੋਰਟ ਖੇਤਰੀ ਦਫ਼ਤਰ ਵਿੱਚ ਤਲਾਸ਼ੀ ਲੈ ਰਹੇ ਸਨ। ਹਾਲਾਂਕਿ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਸੂਤਰਾਂ ਦੇ ਮੁਤਾਬਕ ਟੀਮ ਨੇ ਗ੍ਰਿਫਤਾਰ ਅਧਿਕਾਰੀ ਅਤੇ ਉਸ ਦੇ ਦੋ ਸਹਾਇਕਾਂ ਕੋਲੋਂ ਕਰੀਬ 25 ਲੱਖ ਰੁਪਏ ਨਕਦ ਅਤੇ ਦਸਤਾਵੇਜ਼ ਬਰਾਮਦ ਕੀਤੇ ਹਨ। ਸੂਤਰਾਂ ਮੁਤਾਬਕ ਮਾਮਲਾ ਕਥਿਤ ਰਿਸ਼ਵਤ ਲੈ ਕੇ ਘੱਟ ਸਮੇਂ ‘ਚ ਜ਼ਿਆਦਾ ਪਾਸਪੋਰਟ ਬਣਾਉਣ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਟੀਮ ਨਾ ਸਿਰਫ ਪਾਸਪੋਰਟ ਦਫਤਰ ਪਹੁੰਚੀ ਸਗੋਂ ਅਨੂਪ ਸਿੰਘ ਦੇ ਘਰ ਵੀ ਪਹੁੰਚੀ। ਅਧਿਕਾਰੀ ਕਥਿਤ ਰਿਸ਼ਵਤ ਲੈ ਕੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਸਨ।