ਚੰਡੀਗੜ੍ਹ 15 ਜਨਵਰੀ 2023: ਅਨਾਜ ਘੋਟਾਲੇ ਵਿੱਚ ਸ਼ਾਮਲ ਲੋਕਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਪੰਜਾਬ ਦੀ ‘ਆਪ’ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੋਵਾਂ ਨੂੰ ਇਸ ਘਪਲੇ ਦੀ ਡੂੰਘਾਈ ਨਾਲ ਜਾਂਚ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।
ਸੀਬੀਆਈ ਦੇ ਅਪਰੇਸ਼ਨ ਕਣਕ ਦਾ ਜ਼ਿਕਰ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਹਨ, ਸਿਸਟਮ ਦੇ ਹੇਠਲੇ ਪੱਧਰ ‘ਤੇ ਕੰਮ ਕਰਨ ਵਾਲੇ ਲੋਕਾਂ ਤੋਂ ਲੈ ਕੇ ਉੱਚ ਪੱਧਰੀ ਅਧਿਕਾਰੀਆਂ ਤੱਕ, ਸਭ ਇਸ ਵਿੱਚ ਸ਼ਾਮਲ ਹਨ।
“ਜਿਹੜੇ ਲੋਕ ਅਜਿਹੇ ਘਿਣਾਉਣੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਇੱਕ ਅਖ਼ਬਾਰ ਦੀ ਰਿਪੋਰਟ ਅਨੁਸਾਰ, ਗੋਦਾਮਾਂ ਅਤੇ ਮਿੱਲਾਂ ਸਮੇਤ 99 ਥਾਵਾਂ ਦੀ ਸੀਬੀਆਈ ਵੱਲੋਂ ਤਲਾਸ਼ੀ ਲਈ ਗਈ ਸੀ, ਜਿਨ੍ਹਾਂ ਵਿੱਚੋਂ 90 ਇਕੱਲੇ ਪੰਜਾਬ ਵਿੱਚ ਸਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸ਼ਾਇਦ ਪੰਜਾਬ ਭ੍ਰਿਸ਼ਟਾਚਾਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ, “ਐਲਓਪੀ ਨੇ ਅੱਗੇ ਕਿਹਾ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਹ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਨੌਕਰਸ਼ਾਹਾਂ ਦੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੇ ਧੱਕੇਸ਼ਾਹੀ ਦੇ ਗੈਰ-ਵਾਜਬ ਰੁਖ਼ ਬਾਰੇ ਪੱਤਰ ਲਿਖ ਚੁੱਕੇ ਹਨ।
ਬਾਜਵਾ ਨੇ ਕਿਹਾ ਕਿ ਕਥਿਤ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਆਪਣੇ ਸਾਥੀ ਦੇ ਸਮਰਥਨ ਵਿੱਚ ਪੀਸੀਐੱਸ ਅਧਿਕਾਰੀਆਂ ਦੁਆਰਾ ਹਾਲ ਹੀ ਵਿੱਚ ਕੀਤੀ ਗਈ ਹੜਤਾਲ ਅਤੇ ਪੀਐਸਆਈਈਸੀ ਘੁਟਾਲੇ ਦੇ ਕੇਸ ਵਿੱਚ ਵਿਜੀਲੈਂਸ ਦੁਆਰਾ ਉਨ੍ਹਾਂ ਦੇ ਇੱਕ ਸਾਥੀ ਦਾ ਨਾਮ ਐਫਆਈਆਰ ਵਿੱਚ ਸ਼ਾਮਲ ਕੀਤੇ ਜਾਣ ਵਿਰੁੱਧ ਆਈਏ ਐੱਸ ਅਧਿਕਾਰੀਆਂ ਦੇ ਹਮਲਾਵਰ ਰੁਖ਼ ਇੱਕ ਡੂੰਘੀ ਚਿੰਤਾ ਦਾ ਵਿਸ਼ਾ ਹੈ”।