ਚੰਡੀਗੜ੍ਹ, 18 ਜੁਲਾਈ 2024: ਨੀਟ ਯੂਜੀ (NEET UG) ਪੇਪਰ ਲੀਕ ਮਾਮਲੇ ‘ਚ ਸੀਬੀਆਈ ਨੇ ਵੱਡੀ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਪਟਨਾ ਏਮਜ਼ ਦੇ ਤਿੰਨ ਡਾਕਟਰਾਂ ਨੂੰ ਹਿਰਾਸਤ ‘ਚ ਲਿਆ ਹੈ। ਸੀਬੀਆਈ ਟੀਮ ਇਨ੍ਹਾਂ ਤਿੰਨਾਂ ਜਣਿਆਂ ਨੂੰ ਆਪਣੇ ਨਾਲ ਲੈ ਗਈ ਹੈ। ਇਸਦੇ ਨਾਲ ਹੀ ਤਿੰਨਾਂ ਦੇ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕਰ ਲਏ ਗਏ ਹਨ। ਇਨ੍ਹਾਂ ਪੇਪਰ ਲੀਕ ਕੇਸਾਂ ‘ਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਿਰਾਸਤ ‘ਚ ਲਏ ਤਿੰਨੋਂ ਡਾਕਟਰ 2021 ਬੈਚ ਦੇ ਵਿਦਿਆਰਥੀ ਹਨ।
ਜਿਕਰਯੋਗ ਹੈ ਕਿ ਇਸ ਮਾਮਲੇ ‘ਚ ਸੀਬੀਆਈ ਨੇ ਪੰਕਜ ਕੁਮਾਰ ਨੂੰ ਦੋ ਦਿਨ ਪਹਿਲਾਂ ਨੀਟ ਪੇਪਰ ਚੋਰੀ ਕਰਨ ਦੇ ਦੋਸ਼ ‘ਚ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਸਦੇ ਸਾਥੀ ਰਾਜੂ ਨੂੰ ਹਜ਼ਾਰੀਬਾਗ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ | ਸੀਬੀਆਈ ਨੇ ਹੁਣ ਤੱਕ ਨੀਟ ਯੂਜੀ (NEET UG) ਪੇਪਰ ਲੀਕ ਮਾਮਲੇ ‘ਚ ਲਗਭਗ 57 ਗ੍ਰਿਫਤਾਰੀਆਂ ਦੇ ਨਾਲ ਛੇ ਐਫ.ਆਈ.ਆਰ ਦਰਜ ਕੀਤੀਆਂ ਹਨ। ਇਨ੍ਹਾਂ ‘ਚੋਂ 12 ਗ੍ਰਿਫਤਾਰੀਆਂ ਕੇਂਦਰੀ ਏਜੰਸੀ ਦੁਆਰਾ ਕੀਤੀਆਂ ਸਨ, ਜਦੋਂ ਕਿ ਬਾਕੀ ਵੱਖ-ਵੱਖ ਰਾਜ ਪੁਲਿਸ ਬਲਾਂ ਦੁਆਰਾ ਕੀਤੇ ਗਏ ਸਨ। ਹੁਣ ਤੱਕ 22 ਜਣਿਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ।