July 5, 2024 12:05 am
ABG Group

ਬੈਂਕ ਧੋਖਾਧੜੀ ਮਾਮਲੇ ‘ਚ CBI ਨੇ ਏਬੀਜੀ ਗਰੁੱਪ ਦੇ ਚੇਅਰਮੈਨ ਰਿਸ਼ੀ ਅਗਰਵਾਲ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ 21 ਸਤੰਬਰ 2022: ਸੀਬੀਆਈ ਨੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਏਬੀਜੀ ਗਰੁੱਪ (ABG Group) ਦੇ ਸੰਸਥਾਪਕ ਅਤੇ ਚੇਅਰਮੈਨ ਰਿਸ਼ੀ ਅਗਰਵਾਲ ਨੂੰ 22,000 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਏਬੀਜੀ ਸ਼ਿਪਯਾਰਡ ਲਿਮਿਟੇਡ ਦੀ ਸ਼ੁਰੂਆਤ ਸਾਲ 1985 ਵਿੱਚ ਹੋਈ ਸੀ। ਗੁਜਰਾਤ ਦੇ ਦਾਹੇਜ ਅਤੇ ਸੂਰਤ ਵਿੱਚ ਏਬੀਜੀ ਗਰੁੱਪ (ABG Group) ਦੀ ਇਹ ਸ਼ਿਪਯਾਰਡ ਕੰਪਨੀ ਪਾਣੀ ਦੇ ਜਹਾਜ਼ਾਂ ਦੇ ਨਿਰਮਾਣ ਅਤੇ ਮੁਰੰਮਤ ਦਾ ਕੰਮ ਕਰਦੀ ਹੈ। ਹੁਣ ਤੱਕ ਇਹ ਏਬੀਜੀ ਕੰਪਨੀ 165 ਜਹਾਜ਼ ਬਣਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ 1991 ਤੱਕ ਇਸ ਕੰਪਨੀ ਨੂੰ ਦੇਸ਼-ਵਿਦੇਸ਼ ਤੋਂ ਵੱਡੇ ਆਰਡਰ ਮਿਲੇ ਅਤੇ ਭਾਰੀ ਮੁਨਾਫਾ ਕਮਾਇਆ। 2016 ਵਿੱਚ ਇਸ ਕੰਪਨੀ ਨੂੰ $550 ਮਿਲੀਅਨ ਤੋਂ ਵੱਧ ਦਾ ਭਾਰੀ ਨੁਕਸਾਨ ਹੋਇਆ ਅਤੇ ਉਸ ਤੋਂ ਬਾਅਦ ਏਬੀਜੀ ਸ਼ਿਪਯਾਰਡ ਦੀ ਹਾਲਤ ਵਿਗੜ ਗਈ। ਆਪਣੀ ਵਿੱਤੀ ਹਾਲਤ ਦਾ ਹਵਾਲਾ ਦਿੰਦੇ ਹੋਏ ਕੰਪਨੀ ਨੇ ਬੈਂਕਾਂ ਤੋਂ ਕਰਜ਼ਾ ਲਿਆ ਗਿਆ ਸੀ |

ਸਟੇਟ ਬੈਂਕ ਦੀ ਸ਼ਿਕਾਇਤ ਮੁਤਾਬਕ ਕੰਪਨੀ ਨੇ ਬੈਂਕ ਤੋਂ 2,925 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਇਸ ਤੋਂ ਇਲਾਵਾ ਆਈਸੀਆਈਸੀਆਈ ਬੈਂਕ ਤੋਂ 7,089 ਕਰੋੜ ਰੁਪਏ, ਆਈਡੀਬੀਆਈ ਬੈਂਕ ਤੋਂ 3,634 ਕਰੋੜ ਰੁਪਏ, ਬੈਂਕ ਆਫ਼ ਬੜੌਦਾ ਤੋਂ 1,614 ਕਰੋੜ ਰੁਪਏ, ਪੰਜਾਬ ਨੈਸ਼ਨਲ ਬੈਂਕ ਤੋਂ 1,244 ਕਰੋੜ ਰੁਪਏ, ਇੰਡੀਅਨ ਓਵਰਸੀਜ਼ ਬੈਂਕ ਤੋਂ 1,228 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਇਸ ਤਰ੍ਹਾਂ ਕੰਪਨੀ ਨੇ ਕੁੱਲ 28 ਬੈਂਕਾਂ ਤੋਂ ਕਰਜ਼ਾ ਲਿਆ।