ਗਊ ਸੇਵਾ ਕਮਿਸ਼ਨ

ਗਊ ਸੇਵਾ ਕਮਿਸ਼ਨ ਨੇ ਪਰਾਲੀ ਦੀ ਚਾਰੇ ਤਰਾਂ ਵਰਤੋਂ ਦੇ ਤਰੀਕੇ ਤਲਾਸ਼ਣ ਸਬੰਧੀ ਆਦੇਸ਼ਾਂ ਦੀ ਸ਼ਲਾਘਾ ਕੀਤੀ

ਚੰਡੀਗੜ੍ਹ, 14 ਸਤੰਬਰ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ  ਸਚਿਨ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਨੂੰ ਗਊਸ਼ਾਲਾਵਾਂ ਵਿੱਚ ਰੱਖੇ ਪਸ਼ੂਆਂ ਲਈ ਝੋਨੇ ਦੀ ਪਰਾਲੀ ਨੂੰ ਚਾਰੇ ਵਜੋਂ ਵਰਤਣ ਦੇ ਢੰਗ-ਤਰੀਕੇ ਤਲਾਸ਼ਣ ਦੇ ਦਿੱਤੇ ਹੁਕਮਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਹੈ |

ਇਸ ਨਾਲ ਦੋਹਰਾ ਫ਼ਾਇਦਾ ਹੋਵੇਗਾ, ਇੱਕ ਤਾਂ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੋਵੇਗਾ ਅਤੇ ਦੂਜਾ ਸੂਬੇ ਵਿੱਚ ਗਊਧਨ ਅਤੇ ਹੋਰਨਾਂ ਪਸ਼ੂਆਂ ਲਈ ਭਰਪੂਰ ਮਾਤਰਾ ਵਿੱਚ ਚਾਰੇ ਦਾ ਪ੍ਰਬੰਧ ਕੀਤਾ ਜਾ ਸਕੇਗਾ।

ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਸੂਬੇ ਵਿੱਚ ਸਥਾਪਤ ਗਊਸ਼ਾਲਾਵਾਂ ਵਿੱਚ ਮੌਜੂਦ ਟਰੈਕਟਰ-ਟਰਾਲੀਆਂ ਨੂੰ ਪਰਾਲੀ ਚੁੱਕਣ ਲਈ ਵਰਤਿਆ ਜਾਵੇਗਾ ਤਾਂ ਜੋ ਪਰਾਲੀ ਨੂੰ ਸਟੋਰ ਕਰਕੇ ਚਾਰੇ ਦੀ ਔੜ ਵੇਲੇ ਵਰਤਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਕਮਿਸ਼ਨ ਦੀ ਵਿਸ਼ੇਸ਼ ਮੀਟਿੰਗ ਬੁਲਾ ਕੇ ਇਸ ਸਬੰਧੀ ਸਮੂਹ ਅਹੁਦੇਦਾਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਊਸ਼ਾਲਾਵਾਂ ਵਿੱਚ ਪਰਾਲੀ ਪੁੱਜਦੀ ਕਰਨ ਲਈ ਕਿਸਾਨਾਂ ਅਤੇ ਹੋਰ ਸਮਾਜ ਸੇਵੀਆਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਜਾਵੇਗੀ।

ਸ਼ਰਮਾ ਨੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਗਾਊਂ ਪ੍ਰਬੰਧਾਂ ਤਹਿਤ ਵਿਸ਼ੇਸ਼ ਟਾਸਕ ਫ਼ੋਰਸ ਤੈਨਾਤ ਕਰਨ ਅਤੇ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਵਾਸਤੇ ਪਿੰਡ, ਕਲੱਸਟਰ, ਤਹਿਸੀਲ ਤੇ ਜ਼ਿਲਾ ਪੱਧਰ ’ਤੇ ਨੋਡਲ ਅਧਿਕਾਰੀ ਨਿਯੁਕਤ ਕਰਨ ਸ਼ਲਾਘਯੋਗ ਕਦਮ ਹੈ।

ਉਨ੍ਹਾਂ ਕਿ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਪਰਾਲੀ ਦੇ ਭੰਡਾਰਨ ਲਈ ਵਿਸਤਿ੍ਰਤ ਪ੍ਰਬੰਧ ਕਰਨ ਦੇ ਨਿਰਦੇਸ਼ ਦੇਣ ਨਾਲ ਜ਼ਿਲ੍ਹਾ ਪੱਧਰ `ਤੇ ਲੋੜੀਂਦੀ ਮਾਤਰਾ ਵਿੱਚ ਸਰਕਾਰੀ ਅਤੇ ਗ਼ੈਰ-ਸਰਕਾਰੀ ਗਊਸ਼ਾਲਾਵਾਂ ਤੱਕ ਪਰਾਲੀ ਦੀ ਪਹੁੰਚ ਯਕੀਨੀ ਬਣਾਈ ਜਾ ਸਕੇਗੀ।

Scroll to Top