July 7, 2024 2:38 pm
ਕੈਪਟਨ ਅਮਰਿੰਦਰ ਸਿੰਘ

ਤਾਜ਼ਾ ਖ਼ਬਰ : ਕੈਪਟਨ ਅਮਰਿੰਦਰ ਸਿੰਘ ਕੱਲ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਰ ਸਕਦੇ ਨੇ ਵੱਡਾ ਐਲਾਨ

ਚੰਡੀਗੜ੍ਹ, 26 ਅਕਤੂਬਰ 2021 : ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਪੰਜਾਬ ‘ਚ ਸਿਆਸੀ ਧਮਾਕਾ ਕਰਨਗੇ। ਇਸ ਦੇ ਲਈ ਕੈਪਟਨ ਪਿਛਲੇ ਇੱਕ ਮਹੀਨੇ ਤੋਂ ਕੰਮ ਕਰ ਰਹੇ ਸਨ। ਕੈਪਟਨ ਨੇ ਕੱਲ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਬੁਲਾਈ ਹੈ। ਜਿਸ ਦੌਰਾਨ ਉਹ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਇਸ ਕਾਰਨ ਪੰਜਾਬ ਕਾਂਗਰਸ ਅੰਦਰ ਹਲਚਲ ਤੇਜ਼ ਹੋ ਗਈ ਹੈ।

ਅਮਰਿੰਦਰ ਦੀ ਪ੍ਰੈਸ ਕਾਨਫਰੰਸ ਦਾ ਪਤਾ ਲੱਗਦਿਆਂ ਹੀ ਕਾਂਗਰਸ ਨੇ ਆਪਣੇ ਵਿਧਾਇਕਾਂ ਨਾਲ ਸੰਪਰਕ ਕੀਤਾ ਹੈ। ਇਸ ਤੋਂ ਇਲਾਵਾ ਵੱਡੇ ਨੇਤਾਵਾਂ ਦੀ ਹਰਕਤ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਚਰਚਾ ਹੈ ਕਿ ਕਾਨਫਰੰਸ ਵਿੱਚ ਅਮਰਿੰਦਰ ਦੇ ਨਾਲ ਕਾਂਗਰਸ ਦੇ ਦਿੱਗਜ ਆਗੂ ਵੀ ਨਜ਼ਰ ਆ ਸਕਦੇ ਹਨ।

ਖਾਸ ਕਰਕੇ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਭ ਦੀਆਂ ਨਜ਼ਰਾਂ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਵਿਧਾਇਕਾਂ ‘ਤੇ ਵੀ ਹਨ। ਇਨ੍ਹਾਂ ਵਿੱਚ ਰਾਣਾ ਗੁਰਮੀਤ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ ਅਤੇ ਸ਼ਾਮ ਸੁੰਦਰ ਅਰੋੜਾ ਸ਼ਾਮਲ ਹਨ। ਇਹ ਵੀ ਚਰਚਾ ਹੈ ਕਿ ਕਰੀਬ 15 ਕਾਂਗਰਸੀ ਵਿਧਾਇਕ ਅਮਰਿੰਦਰ ਦੇ ਸੰਪਰਕ ਵਿੱਚ ਹਨ।

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਸ਼ੁਰੂਆਤ ਕਰ ਰਹੇ ਹਨ, ਪਰ ਉਨ੍ਹਾਂ ਦੇ ਨੇੜਲੇ ਲੋਕ ਉਹਨਾਂ ਦਾ ਸਾਥ ਛੱਡ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਡਾ ਨਾਂ ਕੈਪਟਨ ਸੰਦੀਪ ਸੰਧੂ ਦਾ ਹੈ, ਜੋ ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਦੇ ਸਲਾਹਕਾਰ ਰਹੇ ਹਨ। ਉਹ ਸਰਕਾਰ ਵਿੱਚ ਅਮਰਿੰਦਰ ਦੇ ਸਭ ਤੋਂ ਨਜ਼ਦੀਕੀ ਅਤੇ ਤਾਕਤਵਰ ਮੰਨੇ ਜਾਂਦੇ ਸਨ। ਅਮਰਿੰਦਰ ਨੂੰ ਹਟਾਉਣ ‘ਤੇ ਉਨ੍ਹਾਂ ਨੇ ਸਲਾਹਕਾਰ ਅਹੁਦਾ ਛੱਡ ਦਿੱਤਾ ਸੀ।

ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਕਾਂਗਰਸ ‘ਚ ਸਵੀਕਾਰ ਨਹੀਂ ਕੀਤਾ ਜਾਵੇਗਾ ਪਰ ਅਚਾਨਕ ਉਹ ਡਿਪਟੀ ਸੀਐੱਮ ਰੰਧਾਵਾ ਨਾਲ ਨਜ਼ਰ ਆਏ। ਇਸ ਦੇ ਨਾਲ ਹੀ ਕੇਵਲ ਢਿੱਲੋਂ ਨੂੰ ਵੀ ਕੈਪਟਨ ਦਾ ਕਰੀਬੀ ਮੰਨਿਆ ਜਾਂਦਾ ਸੀ ਪਰ ਉਹ ਵੀ ਨਵੀਂ ਚੰਨੀ ਸਰਕਾਰ ਨਾਲ ਚੱਲ ਰਹੇ ਹਨ |