July 7, 2024 10:43 am
ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਤੇ ਮੁਹੰਮਦ ਮੁਸਤਫ਼ਾ ਨੇ ਸ਼ਬਦਾਵਲੀ ਹਮਲਾ ਕੀਤਾ

ਚੰਡੀਗੜ੍ਹ ,19 ਸਤੰਬਰ 2021 : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹਮੰਦ ਮੁਸਤਫ਼ਾ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਸਵਾਲ ਖੜੇ ਕੀਤੇ ਹਨ | ਉਹਨਾਂ ਟਵੀਟ ਕਰਕੇ ਕਿਹਾ ਕਿ ਕੈਪਟਨ ਸਰ, ਅਸੀਂ ਲੰਬੇ ਸਮੇਂ ਤੋਂ ਪਰਿਵਾਰਕ ਮਿੱਤਰ ਰਹੇ ਹਾਂ। ਮੈਨੂੰ ਮੇਰਾ ਮੂੰਹ ਖੋਲ੍ਹਣ ਲਈ ਮਜਬੂਰ ਨਾ ਕਰੋ।

ਮੈਨੂੰ ਤੁਹਾਡੀ ਬੜੇ ਆਰਾਮ ਨਾਲ ਸਹਿਜ ਸੁਭਾਅ ਝੂਠ ਬੋਲ ਜਾਣ ਦੀ ਸਮਰੱਥਾ ਬਾਰੇ ਭਲੀ ਭਾਂਤ ਪਤਾ ਹੈ। ਨਵਜੋਤ ਸਿੰਘ ਸਿੱਧੂ ’ਤੇ ਤੁਸੀਂ ਕੋਈ ਵੀ ਰਾਜਸੀ ਹਮਲਾ ਕਰੋ, ਕੋਈ ਗੱਲ ਨਹੀਂ, ਪਰ ਸਿੱਧੂ ਦੀ ਦੇਸ਼ਭਗਤੀ ਅਤੇ ਰਾਸ਼ਟਰਵਾਦ ’ਤੇ ਗੱਲ ਨਾ ਕਰੋ। ਦੂਜੇ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਤੁਸੀਂ ਤਾਂ 14 ਸਾਲ ਆਈ.ਐਸ.ਆਈ.ਦੀ ਏਜੰਟ ਨਾਲ ਰਹੇ  ਹੋ।

ਮੁਸਤਫ਼ਾ ਨੇ ਉਕਤ ਮਹਿਲਾ ਮਿੱਤਰ ਵੱਲੋਂ ਕੈਪਟਨ ਸਰਕਾਰ ਅੰਦਰ ਵੱਡੇ ਪੱਧਰ ’ਤੇ ਕੀਤੀ ਦਖ਼ਲਅੰਦਾਜ਼ੀ ਅਤੇ ਕੈਪਟਨ ਦੀ ਮਿਲੀਭੁਗਤ ਨਾਲ ਵੱਡੀਆਂ ਰਕਮਾਂ ਦੇਸ਼ ਵਿੱਚੋਂ ਬਾਹਰ ਬੈਂਕ ਖ਼ਾਤਿਆਂ ਵਿੱਚ ਭੇਜਣ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਤੁਹਾਨੂੰ ਇਹ ਕੋਈ ਹੱਕ ਨਹੀਂ ਹੈ ਕਿ ਤੁਸੀਂ ਦੂਜਿਆਂ ਨੂੰ ਦੇਸ਼ਭਗਤੀ ਦੀਆਂ ਪਰਚੀਆਂ ਵੰਡੋ।

ਇਕ ਹੋਰ ਟਵੀਟ ਰਾਹੀਂ ਮੁਸਤਫ਼ਾ ਨੇ ਕਿਹਾ ਕਿ ਮੈਂ ਜਾਣਦਾ ਹਾਂ ਤੁਸੀਂ ਤਾਂ ਉਸ ਦਾ ਰੱਤੀ ਭਰ ਵੀ ਨਹੀਂ ਜਾਣਦੇ। ਮੇਰੇ ਕੋਲ ਤਾਂ ਤੁਹਾਡੇ ਕਰਮਾਂ ਦੇ ਨਾ ਨਕਾਰੇ ਜਾਣ ਵਾਲੇ ਸਬੂਤਾਂ ਦੇ ਪਹਾੜ ਜਿੱਡੇ ਢੇਰ ਲੱਗੇ ਪਏ ਹਨ। ਆਪਣੇ ਅੰਤਲੇ ਟਵੀਟ ਵਿੱਚ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਹੈ ਕਿ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਉਹ ਤਾਂ ਉਹਨਾਂ ਨੂੰ ਦਿੱਤਾ ਆਪਣਾ ਉਹ ਵਾਅਦਾ ਪੁਗਾ ਰਹੇ ਹਨ |

ਜਿਸ ਵਿੱਚ ਉਹਨਾਂ ਦੇ ਖਿਲਾਫ਼ ਸਬੂਤਾਂ ਨੂੰ ਜਨਤਕ ਨਾ ਕਰਨ ਦਾ ਵਾਅਦਾ ਉਹਨਾਂ ਨੇ ਕੀਤਾ ਸੀ | ਇਕ ਹੋਰ ਅਤਿ ਅਹਿਮ ਪ੍ਰਗਟਾਵਾ ਕਰਦਿਆਂ  ਮੁਸਤਫ਼ਾ ਨੇ ਇਹ ਵੀ ਲਿਖ਼ਿਆ ਹੈ ਕਿ ਮੈਂ ਤਾਂ ਇਹ ਸਾਰੇ ਸਬੂਤ ਰਾਹੁਲ ਗਾਂਧੀ ਵੱਲੋਂ ਮੰਗੇ ਜਾਣ ’ਤੇ ਵੀ ਉਨ੍ਹਾਂ ਨਾਲ ਸਾਂਝੇ ਨਹੀਂ ਕੀਤੇ ਸਨ। ਇਹ ਮੇਰੇ ਕਿਰਦਾਰ ਦੀ ਤਾਕਤ ਹੈ, ਸਰ ਜੀ।