ਚੰਡੀਗੜ੍ਹ 28 ਜੁਲਾਈ 2022: ਕੈਨੇਡਾ ਦੀ ਪੁਲਿਸ ਨੇ ਰਿਪੁਦਮਨ ਸਿੰਘ ਮਲਿਕ (Ripudaman Malik) ਦੇ ਕਤਲ ਮਾਮਲੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡੀਅਨ ਪੁਲਿਸ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਤੋਂ ਟੈਨਰ ਫੌਕਸ (21) ਤੇ ਨਿਊ ਵੈਸਟਮਿੰਸਟਰ ਦੇ ਵੈਨਕੂਵਰ ਉਪਨਗਰ ਤੋਂ ਜੋਸ ਲੋਪੇਜ਼ (23) ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਪੁਲਿਸ ਅਧਿਕਾਰੀ ਮਨਦੀਪ ਮੂਕਰ ਦਾ ਕਹਿਣਾ ਕਿ ਰਿਪੁਦਮਨ ਦੇ ਕਤਲ ‘ਚ ਸ਼ਾਮਲ ਦੋਵੇਂ ਵਿਅਕਤੀਆਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਪੁਲਿਸ ਨੂੰ ਇਨ੍ਹਾਂ ਦੋਵਾਂ ਬਾਰੇ ਪਹਿਲਾਂ ਹੀ ਜਾਣਕਾਰੀ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਖ਼ਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਪਰ ਕਿਸੇ ਗੈਂਗ ਨਾਲ ਸਬੰਧਤ ਨਹੀਂ ਹੈ।
ਪੁਲਿਸ ਦੀ ਕਾਰਵਾਈ ਤੋਂ ਬਾਅਦ ਰਿਪੁਦਮਨ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਕਿਹਾ ਕਿ ਜਾਂਚ ਦਾ ਨਤੀਜਾ ਜੋ ਵੀ ਹੋਵੇ, ਅਸੀਂ ਇੱਕ ਮਹਾਨ ਵਿਅਕਤੀ ਨੂੰ ਗੁਆ ਦਿੱਤਾ ਹੈ। ਜਸਪ੍ਰੀਤ ਨੇ ਕਿਹਾ ਕਿ ਪੁਲਿਸ ਨੇ ਪਰਿਵਾਰ ਨੂੰ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਅਤੇ ਉਹ ਇਸ ਮੁੱਦੇ ‘ਤੇ ਅਟਕਲਾਂ ਨਹੀਂ ਲਗਾਉਣਾ ਚਾਹੁੰਦੇ ਕਿ ਉਨ੍ਹਾਂ ਦੇ ਪਿਤਾ ਨੂੰ ਕਿਉਂ ਮਾਰਿਆ ਗਿਆ।
ਜਿਕਰਯੋਗ ਹੈ ਕਿ ਮਲਿਕ ਨੂੰ 1985 ਦੇ ਏਅਰ ਇੰਡੀਆ ਕਨਿਸ਼ਕ ਜਹਾਜ਼ ਅੱਤਵਾਦੀ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਸੀ, ਜਿਸ ਵਿੱਚ 331 ਲੋਕਾਂ ਦੀ ਮੌਤ ਹੋ ਗਈ ਸੀ। ਸਿੱਖ ਭਾਈਚਾਰੇ ਨਾਲ ਸਬੰਧਤ ਮਲਿਕ ਦੀ 15 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।