Site icon TheUnmute.com

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖ਼ਲਾ ਵਧਾਉਣ ਲਈ ਸ਼ੁਰੂ ਕੀਤੀ ਮੁਹਿੰਮ

government schools

ਸੰਗਰੂਰ, 4 ਮਈ 2024: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ (government schools) ਵਿੱਚ ਦਾਖ਼ਲਾ ਵਧਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਜ਼ਿਲ੍ਹਾ ਸੰਗਰੂਰ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਵਿੱਚ ਪੂਰੇ ਪੰਜਾਬ ਵਿੱਚ ਮੋਹਰੀ ਕਤਾਰ ਵਿੱਚ ਬਣਿਆ ਹੋਇਆ ਹੈ। ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਸੰਗਰੂਰ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਸੰਗਰੂਰ ਵਿੱਚ ਅਧਿਆਪਕਾਂ ਅਤੇ ਅਧਿਕਾਰੀਆਂ ਦੀ ਮਿਹਨਤ ਸਦਕਾ ਸੰਗਰੂਰ ਨੇ ਇਹ ਮੁਕਾਮ ਹਾਸਲ ਕੀਤਾ ਹੈ।

ਇਸ ਪ੍ਰਾਪਤੀ ਵਿਚ ਦਾਖਲੇ ਦਾ ਟੀਚਾ ਪਿਛਲੇ ਸਾਲ ਦੇ ਬਰਾਬਰ ਕਰਨ ਵਾਲੇ ਜ਼ਿਲ੍ਹੇ ਦੇ ਮੋਹਰੀ ਬਲਾਕ ਪ੍ਰਾਇਮਰੀ ਅਧਿਕਾਰੀਆਂ ਸੰਗਰੂਰ 1 ਦੇ ਗੁਰਮੀਤ ਸਿੰਘ ਈਸਾਪੁਰ, ਚੀਮਾ ਦੇ ਸੱਤਪਾਲ ਸਿੰਘ ਅਤੇ ਲਹਿਰਾ ਦੇ ਰਾਜਿੰਦਰ ਕੁਮਾਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਧਿਕਾਰੀ ( ਸੈ.ਸਿੱ./ਐ. ਸਿੱ.) ਸੰਗਰੂਰ,ਸੰਜੀਵ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਪਟਿਆਲਾ ਅਤੇ ਪ੍ਰੀਤਇੰਦਰ ਘਈ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਸੰਗਰੂਰ ਵੀ ਮੌਜੂਦ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਪਹਿਲਾਂ ਸਕੂਲਾਂ ਵਿੱਚ ਢਾਂਚਾਗਤ ਸਹੂਲਤਾਂ ਮੁਹਈਆ ਕਰਵਾ ਕੇ ਇਹਨਾਂ ਸਕੂਲਾਂ ਦੀ ਨੁਹਾਰ ਬਦਲੀ ਅਤੇ ਹੁਣ ਬੱਚਿਆਂ ਨੂੰ ਸਰਕਾਰੀ ਸਕੂਲਾਂ (government schools) ਵਿੱਚ ਦਾਖਲ ਕਰਵਾਉਣ ਲਈ ਖਾਸ ਮੁਹਿੰਮ ਚਲਾਈ ਹੈ ਤਾਂ ਕਿ ਬੱਚੇ ਪ੍ਰਾਈਵੇਟ ਸਕੂਲਾਂ ਵਿਚਲੀ ਮਹਿੰਗੀ ਪੜਾਈ ਤੋਂ ਛੁਟਕਾਰਾ ਪਾ ਕੇ ਸਰਕਾਰੀ ਸਕੂਲਾਂ ਵਿੱਚ ਉੱਤਮ ਦਰਜੇ ਦੀ ਮੁਫ਼ਤ ਸਿੱਖਿਆ ਹਾਸਿਲ ਕਰ ਸਕਣ। ਉਹਨਾਂ ਨੇ ਦਾਖਲੇ ਵਿੱਚ ਸੂਬੇ ਭਰ ਵਿਚੋਂ ਹਾਲੇ ਤੱਕ ਸੰਗਰੂਰ ਜ਼ਿਲ੍ਹੇ ਦੇ ਮੋਹਰੀ ਕਤਾਰ ਵਿੱਚ ਰਹਿਣ ਵਜੋਂ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਨਾ ਸਿਰਫ ਮੁਬਾਰਕਬਾਦ ਦਿੱਤੀ ਸਗੋਂ ਉਹਨਾਂ ਨੂੰ ਅੱਗੇ ਵੀ ਆਪਣਾ ਕੰਮ ਮਿਹਨਤ ਤੇ ਲਗਨ ਨਾਲ ਕਰਨ ਲਈ ਉਤਸ਼ਾਹਿਤ ਕੀਤਾ।

ਬਲਜਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ ਸੰਗਰੂਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਨਰਸਰੀ ਤੋਂ ਪੰਜਵੀ ਤੱਕ 51338 ਬੱਚਿਆਂ ਦਾ ਦਾਖਲਾ ਹੋ ਚੁੱਕਿਆ ਹੈ ਜੋ ਕਿ ਪਿਛਲੇ ਸਾਲ ਜਿਲੇ ਨੂੰ ਮਿਲੇ ਟੀਚੇ ਦੇ ਬਰਾਬਰ ਪਹੁੰਚ ਚੁੱਕਿਆ ਹੈ। ਇਸ ਵਿੱਚ ਜਿਲ੍ਹੇ ਦੇ ਬਲਾਕ ਸੰਗਰੂਰ 1, ਚੀਮਾ , ਮੂਨਕ , ਸੰਗਰੂਰ 2 ਅਤੇ ਲਹਿਰਾ ਦਾ ਯੋਗਦਾਨ ਸੱਭ ਤੋਂ ਜਿਆਦਾ ਰਿਹਾ ਹੈ। ਉਹਨਾਂ ਬਾਕੀ ਬਲਾਕਾਂ ਦੇ ਵੱਲੋਂ ਕੀਤੇ ਜਾ ਰਹੇ ਉੱਦਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ।

ਇਸ ਮੋਕੇ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਾਲ ਲਈ ਦਾਖ਼ਲਾ ਮੁਹਿੰਮ ਦਾ ਆਗਾਜ਼ ਖੁਦ ਜਿਲੇ ਦੇ ਡਿਪਟੀ ਕਮਿਸ਼ਨਰ ਨੇ ਦਾਖਲਾ ਵੈਨ ਨੂੰ ਝੰਡੀ ਦੇ ਕੇ ਕੀਤਾ। ਜਿਸ ਤੋਂ ਬਾਅਦ ਜਿਲ੍ਹੇ ਵਿੱਚ ਅਧਿਆਪਕਾਂ ਨੇ ਵੈਨ ਨਾਲ ਜਾ ਜਾ ਕੇ ਖੁਦ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚਲੀਆਂ ਸਹੂਲਤਾਂ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਵਰਿੰਦਰਜੀਤ ਕੌਰ ਡਾਈਟ ਪ੍ਰਿੰਸੀਪਲ, ਹਰਪ੍ਰੀਤ ਸਿੰਘ ਅਤੇ ਸੁਖਦੀਪ ਸਿੰਘ ( ਦੋਨੋ ਮੁੱਖ ਅਧਿਆਪਕ) ਅਤੇ ਨਵਲ ਗਰਗ ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ।

Exit mobile version