July 5, 2024 6:27 am
ਗੁਰਦਾਸਪੁਰ

ਗੁਰਦਾਸਪੁਰ ‘ਚ ਬੱਚੀ ਨਾਲ ਜਬਰ ਜਨਾਹ ਮਾਮਲੇ ਨੂੰ ਲੈ ਕੇ 11 ਅਪ੍ਰੈਲ ਨੂੰ ਵਿੱਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦਾ ਸੱਦਾ

ਚੰਡੀਗੜ੍ਹ 09 ਅਪ੍ਰੈਲ 2022: ਗੁਰਦਾਸਪੁਰ ‘ਚ ਹੋਏ ਚਾਰ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਮਾਮਲਾ ਵਧਦਾ ਜਾ ਰਿਹਾ ਹੈ। ਮਾਸੂਮ ਬੱਚੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ ‘ਚ ਅਜੇ ਤਕ ਵੀ ਅਸਲ ਦੋਸ਼ੀ ਦਾ ਕੋਈ ਸੁਰਾਗ ਨਹੀਂ ਮਿਲਿਆ । ਇਸ ਦੌਰਾਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸਕੂਲ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਤੇ ਪ੍ਰਿੰਸੀਪਲ ਦੀ ਗ੍ਰਿਫ਼ਤਾਰੀ ਕਰਨ ਦੇ ਵਿਰੋਧ ‘ਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ 11 ਅਪ੍ਰੈਲ ਨੂੰ ਬੰਦ ਰੱਖਣ ਦਾ ਸੱਦਾ ਦੇ ਦਿੱਤਾ ਗਿਆ ਹੈ।

ਇਸ ਦੌਰਾਨ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਮੋਹਿਤ ਮਹਾਜਨ ਨੇ ਇਸ ਸਬੰਧੀ ਦੱਸਿਆ ਕਿ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਸੀ। ਬੱਚੀ ਦੇ ਮਾਪਿਆਂ ਵੱਲੋਂ ਬਿਨਾਂ ਕਿਸੇ ਆਧਾਰ’ ਤੇ ਇਹ ਘਟਨਾ ਸਕੂਲ ਵਿਚ ਵਾਪਰਨ ਦਾ ਦੋਸ਼ ਲਗਾਇਆ ਗਿਆ ਪਰ ਸੀਸੀਟੀਵੀ ਕੈਮਰਿਆਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬੱਚੀ ਨੂੰ ਉਸ ਦੀ ਮਾਂ ਖ਼ੁਦ ਸਹੀ ਸਲਾਮਤ ਸਕੂਲੋਂ ਵਾਪਸ ਲੈ ਕੇ ਗਈ ਸੀ। ਬੱਚੀ ਨੂੰ ਬਾਜ਼ਾਰ ਵੀ ਲੈ ਕੇ ਜਾਇਆ ਗਿਆ ਤੇ ਉਸ ਪਿੱਛੋਂ ਘਰ ਲਿਆਂਦਾ।

ਇਕ ਹੋਰ ਵੀਡੀਓ ਮੁਤਾਬਕ ਬੱਚੀ ਆਪਣੇ ਮੁਹੱਲੇ ਵਿੱਚ ਵੀ ਘੁੰਮਦੀ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਫੈੱਡਰੇਸ਼ਨ ਬੱਚੀ ਨਾਲ ਹੋਈ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਉਸ ਨਾਲ ਘਿਨਾਉਣਾ ਕਾਰਾ ਕਰਨ ਵਾਲੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਲਟਾ ਇਸ ਮਾਮਲੇ ਵਿੱਚ ਪੂਰੀ ਪੂਰੀ ਤਰ੍ਹਾਂ ਬੇਕਸੂਰ ਸਕੂਲ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਅਤੇ ਪ੍ਰਿੰਸੀਪਲ ਜੈਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕਾਰਨ ਪੰਜਾਬ ਭਰ ਵਿੱਚ ਸਕੂਲ ਪ੍ਰਬੰਧਕਾਂ ਵਿੱਚ ਕਾਫ਼ੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਪੰਜਾਬ ਭਰ ਦੀਆਂ ਸਿੱਖਿਆ ਸੰਸਥਾਵਾਂ 11 ਅਪ੍ਰੈਲ ਨੂੰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੇਗੁਨਾਹ ਸਕੂਲ ਪ੍ਰਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਮੂਹ ਜਥੇਬੰਦੀਆਂ ਸੜਕਾਂ’ ਤੇ ਆਉਣ ਲਈ ਮਜਬੂਰ ਹੋ ਜਾਣਗੀਆਂ। ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਵੀ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ।