ਚੰਡੀਗੜ੍ਹ, 15 ਨਵੰਬਰ 2024: ਪੰਜਾਬ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ (Prakash Purab) ਦੇ ਸ਼ੁਭ ਅਵਸਰ ‘ਤੇ ਸੰਗਤਾਂ ਨੂੰ ਵਧਾਈ ਦਿੱਤੀ ਹੈ।
ਕੈਬਨਿਟ ਮੰਤਰੀ ਮੁੰਡੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਾਨਵਤਾ ਦੇ ਆਗੂ ਸਨ, ਜਿਨ੍ਹਾਂ ਦੀਆਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀਆਂ ਸਦੀਵੀ ਸਿੱਖਿਆਵਾਂ ਅੱਜ ਦੇ ਸਮੇਂ ‘ਚ ਵੀ ਬਹੁਤ ਜ਼ਰੂਰੀ ਹਨ। ਮੁੰਡੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਤੋਂ ਰਹਿਤ, ਵਹਿਮ-ਭਰਮ ਅਤੇ ਵਿਤਕਰੇ ਤੋਂ ਮੁਕਤ ਸਮਾਜ ਦੀ ਕਲਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ, ਉਦੇਸ਼ਾਂ ਅਤੇ ਟੀਚਿਆਂ ਵੱਲ ਪ੍ਰੇਰਿਤ ਕੀਤਾ।
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਸੇਵਾ ਅਤੇ ਨਿਮਰਤਾ ਦੇ ਮਾਰਗ ‘ਤੇ ਚੱਲਦਿਆਂ ਗੁਰੂ ਸਾਹਿਬ ਜੀ ਦੀ ਮਹਾਨ ਵਿਰਾਸਤ ਅਨੁਸਾਰ ਸ਼ਾਂਤਮਈ, ਖੁਸ਼ਹਾਲ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਯਤਨ ਕਰਨ ਦੀ ਅਪੀਲ ਕੀਤੀ।