Site icon TheUnmute.com

ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਸਮੂਹ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ

Baisakhi

ਚੰਡੀਗੜ੍ਹ, 13 ਅਪ੍ਰੈਲ 2023: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਸਾਖੀ (Baisakhi) ਦੇ ਤਿਉਹਾਰ ’ਤੇ ਪੰਜਾਬ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਇੱਥੋਂ ਜਾਰੀ ਇੱਕ ਸੰਦੇਸ਼ ਵਿੱਚ ਜਿੰਪਾ ਨੇ ਕਿਹਾ ਕਿ ਇਸ ਤਿਉਹਾਰ ਦੀ ਸਾਡੇ ਖੇਤੀ ਪ੍ਰਧਾਨ ਰਾਜ ਪੰਜਾਬ ਦੇ ਕਿਸਾਨਾਂ ਲਈ ਵੱਡੀ ਮਹੱਤਤਾ ਹੈ ਕਿਉਂਕਿ ਇਸ ਦਿਨ ਰਵਾਇਤੀ ਤੌਰ ’ਤੇ ਕਣਕ ਦੀ ਵਾਢੀ ਆਰੰਭ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਵਿਸਾਖੀ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਸਿਰੇ ਚੜਨ ’ਤੇ ਖੁਸ਼ੀ ਮਹਿਸੂਸ ਕਰਨ ਦਾ ਅਹਿਮ ਮੌਕਾ ਪ੍ਰਦਾਨ ਕਰਦੀ ਹੈ ਅਤੇ ਸਾਨੂੰ ਵੀ ਸਾਰਿਆਂ ਨੂੰ ਇਸ ਮੌਕੇ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਸਵੈ ਨਿਰਭਰ ਬਣਾਉਣ ਵਿੱਚ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਦੇ ਯੋਗਦਾਨ ਨੂੰ ਸਿਜਦਾ ਕਰਨਾ ਚਾਹੀਦਾ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਅੱਗੇ ਕਿਹਾ ਕਿ ਇਸ ਤਿਉਹਾਰ (Baisakhi) ਦੀ ਸਿੱਖ ਭਾਈਚਾਰੇ ਲਈ ਵੀ ਭਾਰੀ ਧਾਰਮਿਕ ਮਹੱਤਤਾ ਹੈ ਕਿਉਂ ਕਿ ਇਸੇ ਹੀ ਦਿਨ ਸਾਲ 1699 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਸੱਚਾਈ, ਨਿਆਂ ਅਤੇ ਬਰਾਬਰਤਾ ਨੂੰ ਸਮਰਪਿਤ ਸਿੱਖਾਂ ਦੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸੇ ਹੀ ਦਿਨ ਸੰਨ 1919 ਵਿੱਚ ਬਰਤਾਨਵੀ ਸਾਮਰਾਜ ਵਲੋਂ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਖੇ ਨਿਰਦੋਸ਼ ਸੈਂਕੜੇ ਪੰਜਾਬੀਆਂ ਦਾ ਕੀਤਾ ਗਿਆ ਕਤਲੇਆਮ ਵੀ ਭਾਰਤ ਵਿੱਚ ਉਸ ਸਾਮਰਾਜ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਇਆ ਸੀ।

ਜਿੰਪਾ ਨੇ ਸਮੁਹ ਪੰਜਾਬ ਵਾਸੀਆਂ ਨੂੰ ਇਹ ਤਿਓਹਾਰ ਰਲ ਮਿਲ ਕੇ ਮਨਾਉਣ ਦਾ ਸੱਦਾ ਦਿੰਦਿਆਂ ਇਹ ਵੀ ਕਿਹਾ ਕਿ ਇਸ ਦਿਨ ਸਾਨੂੰ ਸਮੂਹ ਮਹਾਨ ਸੁਤੰਤਰਤਾ ਸੰਗਰਾਮੀਆਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਵੀ ਕਰਨਾ ਚਾਹੀਦਾ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਅਜ਼ਾਦ ਮਾਹੌਲ ਵਿਚ ਚੈਨ ਦੀ ਜਿੰਦਗੀ ਜੀ ਰਹੇ ਹਾਂ। ਬ੍ਰਮ ਸ਼ੰਕਰ ਜਿੰਪਾ ਨੇ ਅੱਗੇ ਕਿਹਾ ਕਿ ਸਾਨੂੰ ਉਨ੍ਹਾਂ ਸਮੂਹ ਕਿਸਾਨਾਂ ਦੇ ਪ੍ਰਤੀ ਵੀ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਜੋ ਦੇਸ਼ ਦੀਆਂ ਅਨਾਜ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।

Exit mobile version