Anmol Gagan Mann

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹੋਣਗੇ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ‘ਪੰਜਾਬ ਡੇਅ’ ਸਮਾਗਮ ਦੇ ਮੁੱਖ ਮਹਿਮਾਨ

ਚੰਡੀਗੜ੍ਹ 22 ਨਵੰਬਰ 2022: ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਬਾਰੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਚੱਲ ਰਹੇ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ-2022 ਦਰਮਿਆਨ 25 ਨਵੰਬਰ ਨੂੰ ਹੋਣ ਵਾਲੇ ‘ਪੰਜਾਬ ਡੇਅ’ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।

ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਇਸ ਮੌਕੇ ਪੰਜਾਬ ਪੈਵਿਲੀਅਨ ਦਾ ਉਦਘਾਟਨ ਕੀਤਾ ਜਾਵੇਗਾ ਜਿਥੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਨਾਂ ਜਿਵੇਂ ਮਾਰਕਫੈਡ, ਵੇਰਕਾ, ਪੀ.ਐਸ.ਆਈ.ਈ.ਸੀ- ਇਨਵੈਸਟ ਪੰਜਾਬ, ਪੰਜਾਬ ਸੈਰ-ਸਪਾਟਾ ਵਿਭਾਗ, ਸਾਇੰਸ ਟੈਕਨਾਲੋਜੀ ਤੇ ਵਾਤਾਵਰਣ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਪੰਜਾਬ ਦੇ ਵਿਰਸੇ, ਸਭਿਆਚਾਰ, ਉਦਯੋਗਿਕ ਵਿਕਾਸ, ਖੇਤੀਬਾੜ੍ਹੀ ਖੇਤਰ ਵਿਚ ਨਵੀਨਤਮ ਕਦਮਾਂ ਅਤੇ ਹਸਤ ਕਲਾ ਦੀਆਂ ਵਸਤਾਂ ਦਰਸਾਈਆਂ ਜਾ ਰਹੀਆਂ ਹਨ। ਇਸ ਸਾਲ ਦੇ ਵਪਾਰ ਮੇਲੇ ਦਾ ਥੀਮ `ਵੋਕਲ ਫਾਰ ਲੋਕਲ, ਲੋਕਲ ਟੂ ਗਲੋਬਲ` ਹੈ।

ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਟਾਲਾਂ ਤੇ ਤਾਇਨਾਤ ਵਿਭਾਗੀ ਅਧਿਕਾਰੀ ਪੰਜਾਬ ਪੈਵਿਲੀਅਨ ਵਿਖੇ ਆਉਣ ਵਾਲੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਮੁਖੀ ਤੇ ਲੋਕ ਹਿਤ ਵਿਚ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦੇ ਰਹੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਸੂਫੀ ਗਾਇਕੀ ਲਈ ਜਾਣੀਆਂ ਜਾਂਦੀਆਂ ਨੂਰਾਂ ਸਿਸਟਰਸ ਵੱਲੋਂ ਪੰਜਾਬ ਡੇਅ ਦੇ ਸਮਾਗਮ ਦੌਰਾਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

Scroll to Top