Site icon TheUnmute.com

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਪਿੰਡ ਕਾਂਸਲ ਵਿਖੇ ਕੁਸ਼ਤੀ ਮੁਕਾਬਲੇ ਪ੍ਰੋਗਰਾਮ ‘ਚ ਕੀਤੀ ਸ਼ਿਰਕਤ

ਪਿੰਡ ਕਾਂਸਲ

ਚੰਡੀਗੜ੍ਹ 07 ਜਨਵਰੀ 2023: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ ਅਤੇ ਸ਼ਿਕਾਇਤ ਨਿਵਾਰਣ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਪਿੰਡ ਕਾਂਸਲ ਵਿਖੇ ਪਿੰਡ ਵਾਸੀਆਂ ਵੱਲੋਂ ਕਰਵਾਏ ਗਏ ਵਿਸ਼ਾਲ ਕੁਸ਼ਤੀ ਮੁਕਾਬਲੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

ਕੈਬਨਿਟ ਮੰਤਰੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਰ ਵਰਗ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲੋਕ ਹਿੱਤ ਵਿੱਚ ਕਈ ਫੈਸਲੇ ਲਏ ਗਏ ਹਨ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ‘ਤੇ ਕੰਮ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਭ੍ਰਿਸ਼ਟਾਚਾਰੀਆਂ ਵਿਰੁੱਧ ਸਖ਼ਤ ਕਦਮ ਚੁੱਕੇ ਗਏ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦੀ ਹੀ ਪਿੰਡ ਕਾਂਸਲ ਵਿਖੇ ਕੈਂਪ ਲਗਾ ਕੇ ਲੇਬਰ ਕਾਰਡ ਬਣਾਏ ਜਾਣਗੇ ਤਾਂ ਜੋ ਕਿਰਤ ਵਿਭਾਗ ਅਧੀਨ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚ ਸਕੇ | ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਨੂੰ ਪਿੰਡ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ, ਜਿਸ ਨੂੰ ਸੁਣ ਕੇ ਕੈਬਨਿਟ ਮੰਤਰੀ ਨੇ ਜਲਦੀ ਹੀ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਪਿੰਡ ਕਾਂਸਲ ਦੇ ਵਿਕਾਸ ਅਧੀਨ ਟੋਬੇ ਦਾ ਮੁਆਇਨਾ ਵੀ ਕੀਤਾ ਅਤੇ ਪਿੰਡ ਦੇ ਹੋਰ ਲੋੜੀਂਦੇ ਵਿਕਾਸ ਕੰਮਾਂ ਬਾਰੇ ਵੀ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ । ਇਸ ਮੌਕੇ ਕੁਸ਼ਤੀ ਮੁਕਾਬਲੇ ਪ੍ਰੋਗਰਾਮ ਦੇ ਪ੍ਰਬੰਧਕਾਂ ਵਿੱਚ ਹਰਮੇਸ ਸਿੰਘ ਮੇਸ਼ੀ ਐਮ.ਸੀ.ਦਰਬਾਰਾ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਗਿਰ, ਦਿੱਪੀ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।

Exit mobile version