Site icon TheUnmute.com

ਪੰਜਾਬ ਨੂੰ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਦੁਨੀਆ ਸਾਹਮਣੇ ਦਿਖਾਉਣ ਦੀ ਆਗਿਆ ਨਾ ਦੇ ਕੇ ਕੇਂਦਰ ਸਰਕਾਰ ਨੇ ਗਹਿਰੀ ਸਾਜ਼ਿਸ਼ ਘੜੀ: CM ਮਾਨ

Punjab

ਚੰਡੀਗੜ੍ਹ, 25 ਜਨਵਰੀ 2023: ਗਣਤੰਤਰ ਦਿਵਸ ਦੀ ਪਰੇਡ ਵਿੱਚ ਸੂਬੇ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਪੰਜਾਬ (Punjab) ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਪੰਜਾਬ ਵਿਰੋਧੀ ਵਤੀਰਾ ਅਣ-ਉਚਿਤ ਅਤੇ ਗੈਰ-ਵਾਜਬ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਗਣਤੰਤਰ ਦਿਵਸ ਪਰੇਡ ਦੇ ਜਸ਼ਨਾਂ ਵਿੱਚ ਇੱਕ ਸ਼ਾਨਦਾਰ ਰਸਮੀ ਪਰੇਡ ਸ਼ਾਮਲ ਹੁੰਦੀ ਹੈ, ਜਿਸ ਵਿੱਚ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਰਾਹੀਂ ਭਾਰਤ ਜੋ ਅਨੇਕਤਾ ਵਿੱਚ ਏਕਤਾ ਅਤੇ ਅਮੀਰ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਹੈ, ਨੂੰ ਸਤਿਕਾਰ ਭੇਟ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਪਰੇਡ ਵਿੱਚ ਪੰਜਾਬ ਆਪਣੇ ਗੌਰਵਮਈ ਇਤਿਹਾਸ, ਅਮੀਰ ਵਿਰਸਾ, ਮਹਾਨ ਸੱਭਿਆਚਾਰ ਅਤੇ ਭਾਰਤ ਦੇ ਇਤਿਹਾਸ ਵਿੱਚ ਆਪਣੇ ਅਹਿਮ ਯੋਗਦਾਨ ਨੂੰ ਦਰਸਾਉਂਦੀ ਝਾਕੀ ਨਿਯਮਤ ਤੌਰ ‘ਤੇ ਪੇਸ਼ ਕਰਦਾ ਆ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਵੱਖ-ਵੱਖ ਵਿਸ਼ੇ ਜਿਵੇਂ ‘ਵਤਨ ਕੇ ਰਖਵਾਲੇ’ ਰਾਹੀਂ ਭਾਰਤ ਦੀ ਫੌਜੀ ਤਾਕਤ ਵਿਚ ਅਤੇ ਅੰਨਦਾਤਾ ਵਜੋਂ ਪੰਜਾਬ ਦੀ ਮਹੱਤਤਾ ਦਰਸਾਉਣ, ਮਾਈ ਭਾਗੋ ਜੀ ਦੀ ਸੂਰਮਗਤੀ ਨੂੰ ਦਰਸਾਉਂਦੀ ‘ਨਾਰੀ ਸ਼ਕਤੀ’ ਅਤੇ ਸਾਰਾਗੜ੍ਹੀ ਦੀ ਜੰਗ ਰਾਹੀਂ ਬਹਾਦਰੀ ਅਤੇ ਮਹਾਨ ਕੁਰਬਾਨੀਆਂ ਭਰੇ ਕਿੱਸੇ ਦੇ ਨਾਲ ਨਾਲ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੀਆਂ ਸਤਿਕਾਰਤ ਘਟਨਾਵਾਂ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਚੋਣ ਕਮੇਟੀ ਅੱਗੇ ਰੱਖਣ ਦੇ ਬਾਵਜੂਦ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ਲਈ ਨਹੀਂ ਚੁਣਿਆ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਚੋਣ ਕਮੇਟੀ ਨੇ ਵਿਚਾਰਾਂ ਦੀ ਸ਼ਲਾਘਾ ਵੀ ਕੀਤੀ ਸੀ ਪਰ ਇਹ ਦੁੱਖ ਦੀ ਗੱਲ ਹੈ ਕਿ ਸਮੁੱਚੇ ਵਿਸ਼ਵ ਸਮੇਤ ਇਸ ਮਹਾਨ ਦੇਸ਼ ਦੇ ਲੋਕ ਪੰਜਾਬ (Punjab) ਵੱਲੋਂ ਦਰਸਾਏ ਜਾਣ ਵਾਲੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਚੇਤੇ ਕਰਵਾਇਆ ਕਿ ਸਾਡੀ ਮਾਤ-ਭੂਮੀ ਨੂੰ ਬਰਤਾਨਵੀ ਸਾਮਰਾਜਵਾਦ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਅਬਾਦੀ ਦਾ ਮਹਿਜ਼ ਦੋ ਫੀਸਦੀ ਹੋਣ ਦੇ ਬਾਵਜੂਦ ਆਜ਼ਾਦੀ ਦੀ ਲਹਿਰ ਦੌਰਾਨ 80 ਫੀਸਦੀ ਸ਼ਹੀਦ ਪੰਜਾਬੀ ਸਨ ਜਿਨ੍ਹਾਂ ਨੂੰ ਜਾਂ ਤਾਂ ਫਾਂਸੀ ਚੜ੍ਹਾਇਆ ਗਿਆ ਜਾਂ ਜਲਾਵਤਨ ਕਰ ਦਿੱਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਪੰਜਾਬੀਆਂ ਨੇ ਦੇਸ਼ ਦੀ ਖੁਸ਼ਹਾਲੀ ਅਤੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਦੇਸ਼ ਦੀਆਂ ਸਰਹੱਦਾਂ ਦੀ ਬਾਹਰੀ ਹਮਲਿਆਂ ਤੋਂ ਰਾਖੀ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੀ ਇਸ ਸ਼ਾਨਦਾਰ ਭੂਮਿਕਾ ਨੂੰ ਝਾਕੀ ਰਾਹੀਂ ਦਿਖਾਉਣਾ ਚਾਹੁੰਦੀ ਸੀ। ਭਗਵੰਤ ਮਾਨ ਨੇ ਅਫਸੋਸ ਜ਼ਾਹਿਰ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਆਪਣੀਆਂ ਪ੍ਰਾਪਤੀਆਂ ਦੁਨੀਆ ਨੂੰ ਦਿਖਾਉਣ ਦੀ ਇਜਾਜ਼ਤ ਨਾ ਦੇ ਕੇ ਗਹਿਰੀ ਸਾਜ਼ਿਸ਼ ਘੜੀ ਹੈ।

ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਭਾਵੇਂ ਦੇਸ਼ ਆਪਣੀ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਿਹਾ ਹੈ ਪਰ ਜਿਨ੍ਹਾਂ ਕਰਕੇ ਦੇਸ਼ ਨੂੰ ਆਜ਼ਾਦੀ ਮਿਲੀ ਹੈ, ਕੇਂਦਰ ਸਰਕਾਰ ਉਨ੍ਹਾਂ ਦੇਸ਼ ਭਗਤਾਂ ‘ਤੇ ਹੀ ਸੰਦੇਹ ਪ੍ਰਗਟਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਸੌੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਦੇਸ਼ ਦੇ ਮਾਮਲਿਆਂ ਦੀ ਅਗਵਾਈ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਸ਼ਾਇਦ ਕੌਮੀ ਆਜ਼ਾਦੀ ਸੰਘਰਸ਼ ਵਿਚ ਸੂਬੇ ਦੇ ਯੋਗਦਾਨ ਨੂੰ ਦਰਸਾਉਣ ਤੋਂ ਹਿਚਕਚਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਉੱਤਰੀ ਭਾਰਤ ਵਿੱਚੋਂ ਸਿਰਫ਼ ਭਾਜਪਾ ਸ਼ਾਸਿਤ ਸੂਬਿਆਂ ਨੂੰ ਹੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੈਰ-ਭਾਜਪਾ ਸ਼ਾਸਨ ਵਾਲੇ ਸੂਬਿਆਂ ਖਾਸ ਕਰਕੇ ਪੰਜਾਬ ਅਤੇ ਦਿੱਲੀ ਨੂੰ ਭਾਜਪਾ ਨੇ ਜਾਣਬੁੱਝ ਕੇ ਪਰੇਡ ਤੋਂ ਬਾਹਰ ਰੱਖਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਇਸ ਤਰ੍ਹਾਂ ਦਾ ਪੱਖਪਾਤੀ ਸਲੂਕ ਅਤਿ ਨਿੰਦਣਯੋਗ ਅਤੇ ਅਸਹਿਣਯੋਗ ਹੈ।

Exit mobile version