July 2, 2024 9:27 pm
Saurashtra

ਮਹਾਰਾਸ਼ਟਰ ਨੂੰ ਹਰਾ ਕੇ ਸੌਰਾਸ਼ਟਰ ਨੇ 14 ਸਾਲ ਬਾਅਦ ਜਿੱਤਿਆ ਵਿਜੇ ਹਜ਼ਾਰੇ ਟਰਾਫੀ ਦਾ ਖ਼ਿਤਾਬ

ਚੰਡੀਗੜ੍ਹ 02 ਦਸੰਬਰ 2022: ਅਹਿਮਦਾਬਾਦ ਵਿੱਚ ਵਿਜੇ ਹਜ਼ਾਰੇ ਟਰਾਫੀ (Vijay Hazare Trophy) ਦਾ ਖ਼ਿਤਾਬੀ ਮੈਚ ਮਹਾਰਾਸ਼ਟਰ ਅਤੇ ਸੌਰਾਸ਼ਟਰ ਵਿਚਾਲੇ ਖੇਡਿਆ ਗਿਆ। ਸੌਰਾਸ਼ਟਰ (Saurashtra) ਦੀ ਟੀਮ 14 ਸਾਲ ਬਾਅਦ ਫਿਰ ਤੋਂ ਚੈਂਪੀਅਨ ਬਣੀ ਹੈ। ਪਿਛਲੀ ਵਾਰ ਟੀਮ 2007-08 ਦੇ ਸੀਜ਼ਨ ਵਿੱਚ ਚੈਂਪੀਅਨ ਬਣੀ ਸੀ। ਸੌਰਾਸ਼ਟਰ ਦੇ ਸ਼ੈਲਡਨ ਜੈਕਸਨ ਦੀ ਪਾਰੀ ਨੇ ਮਹਾਰਾਸ਼ਟਰ ਦੇ ਕਪਤਾਨ ਰਿਤੂਰਾਜ ਗਾਇਕਵਾੜ ‘ਤੇ ਭਾਰੀ ਪੈ ਗਈ । ਸੌਰਾਸ਼ਟਰ ਨੇ ਇਹ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ।

ਸੌਰਾਸ਼ਟਰ ਦੇ ਕਪਤਾਨ ਜੈਦੇਵ ਉਨਾਦਕਟ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮਹਾਰਾਸ਼ਟਰ ਨੇ 50 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ 248 ਦੌੜਾਂ ਬਣਾਈਆਂ। ਜਵਾਬ ਵਿੱਚ ਸੌਰਾਸ਼ਟਰ ਨੇ 46.3 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਹਾਰਵਿਕ ਦੇਸਾਈ 50 ਅਤੇ ਸਮਰਥ ਵਿਆਸ 12 ਦੌੜਾਂ ਬਣਾ ਕੇ ਆਊਟ ਹੋਏ। ਜੈ ਗੋਹਿਲ ਖਾਤਾ ਨਹੀਂ ਖੋਲ੍ਹ ਸਕਿਆ।

ਇਸ ਤੋਂ ਪਹਿਲਾਂ ਮਹਾਰਾਸ਼ਟਰ ਦੀ ਸ਼ੁਰੂਆਤ ਖ਼ਰਾਬ ਰਹੀ ਸੀ। ਪਵਨ ਸ਼ਾਹ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਸਤਿਆਜੀਤ ਨੇ 27 ਦੌੜਾਂ ਦੀ ਪਾਰੀ ਖੇਡੀ। ਅੰਕਿਤ ਬਾਵਨੇ ਕੁਝ ਖਾਸ ਨਹੀਂ ਕਰ ਸਕੇ ਅਤੇ 22 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਰਿਤੂਰਾਜ ਗਾਇਕਵਾੜ ਨੇ ਸੈਂਕੜਾ ਲਗਾਇਆ। ਉਹ 131 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 108 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ।

ਵਿਜੇ ਹਜ਼ਾਰੇ ਟੂਰਨਾਮੈਂਟ ਦੇ ਇਸ ਸੈਸ਼ਨ ਵਿੱਚ ਰਿਤੂਰਾਜ ਦਾ ਇਹ ਲਗਾਤਾਰ ਤੀਜਾ ਸੈਂਕੜਾ ਸੀ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ਵਿੱਚ ਯੂਪੀ ਖ਼ਿਲਾਫ਼ 220 ਅਤੇ ਅਸਾਮ ਖ਼ਿਲਾਫ਼ 168 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਰਿਤੁਰਾਜ ਨੇ ਰੇਲਵੇ ਖਿਲਾਫ ਟੂਰਨਾਮੈਂਟ ਦੀ ਸ਼ੁਰੂਆਤ ‘ਚ ਅਜੇਤੂ 124 ਦੌੜਾਂ ਦੀ ਪਾਰੀ ਖੇਡੀ ਸੀ।