ਚੰਡੀਗੜ੍ਹ 11 ਫਰਵਰੀ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਬਜਟ ‘ਤੇ ਕਿਹਾ ਕਿ ਕੇਂਦਰੀ ਬਜਟ 2022-23 ਸਥਿਰਤਾ ਲਈ ਹੈ| ਇਸ ਨੇ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਅਰਥਵਿਵਸਥਾ ‘ਚ ਸਥਿਰਤਾ ਲਿਆਂਦੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਸਾਲ ਦੇ ਬਜਟ ਦਾ ਉਦੇਸ਼ ਸਥਿਰ ਅਤੇ ਸਥਾਈ ਸੁਧਾਰ ਲਿਆਉਣਾ ਹੈ ਕਿਉਂਕਿ ਮਹਾਂਮਾਰੀ ਕਾਰਨ ਭਾਰਤੀ ਅਰਥਵਿਵਸਥਾ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਭਾਰਤ ਨੇ ਵਿੱਤੀ ਸਾਲ 2020-21 ਲਈ 7.3 ਫੀਸਦੀ ਦੀ ਡੀ-ਗਰੋਥ ਦਰਜ ਕੀਤੀ ਹੈ। ਚਾਲੂ ਵਿੱਤੀ ਸਾਲ 2021-22 ‘ਚ ਅਰਥਵਿਵਸਥਾ ਦੇ 9.2 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ।
ਇਸ ਦੌਰਾਨ ਨਿਰਮਲਾ ਸੀਤਾਰਮਨ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ , “2008-09 ਦੇ ਵਿੱਤੀ ਸੰਕਟ ਦੌਰਾਨ ਮਹਿੰਗਾਈ ਦਰ 9.1 ਪ੍ਰਤੀਸ਼ਤ ਸੀ, ਜਦੋਂ ਕਿ ਮਹਾਂਮਾਰੀ ਦੌਰਾਨ ਇਹ 6.2 ਪ੍ਰਤੀਸ਼ਤ ਸੀ ਜਦੋਂ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ।ਵਿੱਤ ਮੰਤਰੀ ਨੇ ਵਿੱਤੀ ਸਾਲ 2022-23 ਲਈ ਪੂੰਜੀਗਤ ਖਰਚ (ਕੈਪੈਕਸ) ਨੂੰ 35.4 ਫੀਸਦੀ ਵਧਾ ਕੇ ₹7.5 ਲੱਖ ਕਰੋੜ ਕਰ ਦਿੱਤਾ ਹੈ। ਸੀਤਾਰਮਨ ਨੇ ਕਿਹਾ, “7.5 ਲੱਖ ਕਰੋੜ ਰੁਪਏ ਦੇ ਖਰਚੇ ਨਾਲ ਨੌਕਰੀਆਂ ਪੈਦਾ ਹੋਣਗੀਆਂ, ਅਤੇ 14 ਸੈਕਟਰਾਂ ਲਈ ਉਤਪਾਦਕਤਾ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਰਾਹੀਂ ਨੌਕਰੀਆਂ ਦੀ ਸਿਰਜਣਾ 60 ਲੱਖ ਨੌਕਰੀਆਂ ਤੱਕ ਸੀਮਿਤ ਨਹੀਂ ਹੈ,” ਸੀਤਾਰਮਨ ਨੇ ਕਿਹਾ ਕਿ “ਆਉਣ ਵਾਲੇ 25 ਸਾਲ ਭਾਰਤ ਲਈ ਮਹੱਤਵਪੂਰਨ ਹੋਣ ਵਾਲੇ ਹਨ। ਕੋਈ ਹੈਰਾਨੀ ਨਹੀਂ ਕਿ ਅਸੀਂ ਇਸਨੂੰ ‘ਅੰਮ੍ਰਿਤ ਕਾਲ’ ਕਹਿ ਰਹੇ ਹਾਂ।”