ਚੰਡੀਗੜ੍ਹ 20 ਮਈ 2022: ਡੇਰਾਬਸੀ ਦੇ ਪਿੰਡ ਸੁੰਡਰਾਂ (Sundran Village) ‘ਚ ਭਿਆਨਕ ਅੱਗ ਨਾਲ 52 ਦੇ ਕਰੀਬ ਝੁਗੀਆਂ ਸੜ ਗਈਆਂ ਸਨ ਅਤੇ ਇਕ ਮਾਸੂਮ ਬੱਚੀ ਦੀ ਮੌਤ ਹੋ ਗਈ ਸੀ | ਇਸ ਦੌਰਾਨ ਆਪ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਖਿਲਾਫ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਅੱਜ ਡੇਰਾਬਸੀ ਦੇ ਐਸਡੀਐਮ ਦਫਤਰ ਦੇ ਸਾਹਮਣੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ। ਇਸ ਜ਼ੋਰਦਾਰ ਰੋਸ ਮੁਜ਼ਾਹਰੇ ਦੀ ਅਗਵਾਈ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤੀ|
ਇਸ ਮੌਕੇ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੋਸ਼ ਲਾਇਆ ਕਿ ਖੁਦ ਨੂੰ ਆਮ ਆਦਮੀ ਪਾਰਟੀ ਕਹਾਉਣ ਵਾਲੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਅੱਜ ਪੂਰੀ ਤਰ੍ਹਾਂ ਜ਼ੋਰਾਵਰਾਂ, ਜਗੀਰਦਾਰਾਂ ਤੇ ਮਾਫੀਆ ਨਾਲ ਮਿਲ ਚੁਕੀ ਹੈ ਤੇ ਸਰਕਾਰ ਦੀ ਸ਼ਹਿ ਉੱਤੇ ਦਲਿਤਾਂ, ਪਛੜਿਆਂ, ਮਜ਼ਦੂਰਾਂ ਤੇ ਗਰੀਬਾਂ ਉੱਤੇ ਜ਼ੁਲਮ ਕੀਤੇ ਜਾ ਰਹੇ ਹਨ |
ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਸੁੰਡਰਾਂ ਪਿੰਡ (Sundran Village) ਵਿਚ ਝੁੱਗੀਆਂ ਪਾਕੇ ਰਹਿ ਰਹੇ ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਨਾਲ ਤ੍ਰਾਸਦੀ ਵਾਪਰਨ ਦੇ ਛੇ ਦਿਨਾਂ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ, ਅਤੇ ਜਦੋਂ ਉਨ੍ਹਾਂ ਨੂੰ ਅੱਜ ਬਸਪਾ ਵੱਲੋਂ ਕੀਤੇ ਜਾਂ ਵਾਲੇ ਇਸ ਮੁਜ਼ਾਹਰੇ ਦਾ ਪਤਾ ਲੱਗਾ ਤਾਂ ਆਪ ਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਮਜ਼ਦੂਰਾਂ ਨੂੰ ਦੇਣ ਲਈ ਸਾਮਾਨ ਦਾ ਟਰੱਕ ਭਰਕੇ ਉਨ੍ਹਾਂ ਕੋਲ ਪੁੱਜ ਗਿਆ, ਤਾਂ ਕਿ ਇਹ ਮਜ਼ਦੂਰ ਕਿਤੇ ਬਸਪਾ ਦੇ ਮੁਜ਼ਾਹਰੇ ਵਿਚ ਨਾ ਸ਼ਾਮਿਲ ਹੋ ਜਾਣ. ਉਨ੍ਹਾਂ ਕਿਹਾ ਕਿ ਬਸਪਾ ਨੇ ਆਮ ਆਦਮੀ ਪਾਰਟੀ ਦੀਆਂ ਇਨ੍ਹਾ ਦਲਿਤਾਂ, ਪਛੜਿਆਂ, ਮਜ਼ਦੂਰਾਂ ਤੇ ਗਰੀਬਾਂ ਵਿਰੋਧੀ ਨੀਤੀਆਂ ਖਿਲਾਫ ਤੇ ਦਲਿਤਾਂ, ਪਛੜਿਆਂ, ਮਜ਼ਦੂਰਾਂ ਤੇ ਗਰੀਬਾਂ ਦੇ ਹੱਕ ਵਿਚ ਆਮ ਆਦਮੀ ਪਾਰਟੀ ਵਿਰੁੱਧ ਜੰਗ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦਲਿਤਾਂ, ਮਜ਼ਦੂਰਾਂ ਨੂੰ ਵੱਡੇ ਪੱਧਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜ਼ੁਲਮਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ. ਆਪ ਸਰਕਾਰ ਵੱਲੋਂ ਰਾਤਾਂ ਨੂੰ ਪੁਲਿਸ ਭੇਜ ਕੇ ਦਲਿਤਾਂ, ਮਜ਼ਦੂਰਾਂ ਡਰਾਇਆ ਜਾ ਰਿਹਾ ਹੈ, ਰੇਤ ਮਾਫੀਆ ਦੇ ਨਾਂ ਉੱਤੇ ਪੰਜ-ਪੰਜ ਕਿਲੋ ਰੇਤਾ ਫੜਕੇ ਗਰੀਬਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਉਹਨਾਂ ਉੱਤੇ ਝੂਠੇ ਕੇਸ ਪਾਏ ਜਾ ਰਹੇ ਹਨ. ਕਈ ਕਈ ਦਹਾਕਿਆਂ ਤੋਂ ਵੱਸੇ ਹੋਏ ਦਲਿਤਾਂ ਨੂੰ ਉਜਾੜਿਆ ਜਾ ਰਿਹਾ ਹੈ। ਪਰ ਗਰੀਬਾਂ, ਦਲਿਤਾਂ, ਪਛੜਿਆਂ, ਮਜ਼ਦੂਰਾਂ ਦੀ ਪਾਰਟੀ ਬਸਪਾ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗੀ ਤੇ ਭਗਵੰਤ ਮਾਨ ਦੀ ਸਰਕਾਰ ਨਾਲ ਦੋ ਦੋ ਹੱਥ ਕਰਨ ਲਈ ਤਿਆਰ ਹੈ.
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਗ਼ੈਰਜ਼ਿੰਮੇਵਾਰਾਨਾ, ਨਾਅਹਿਲ, ਪੱਖਪਾਤੀ ਅਤੇ ਅਸੰਵੇਦਨਸ਼ੀਲ ਰਵੱਈਏ ਦਾ ਵਿਰੋਧ ਕਰਨ ਅਤੇ ਕੁੰਭਕਰਨ ਦੀ ਨੀਂਦ ਸੁੱਤੀ ਪਈ ਪੰਜਾਬ ਸਰਕਾਰ ਤੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਨੀਂਦ ਖੋਲ੍ਹਣ ਲਈ ਬਸਪਾ ਨੇ ਅੱਜ ਇਹ ਛੋਟਾ ਜੇਹਾ ਟ੍ਰੇਲਰ ਦਿਖਾਇਆ ਹੈ, ਪਰ ਛੇਤੀ ਹੀ ਸਰਕਾਰ ਸਾਰੇ ਪੰਜਾਬ ਵਿਚ ਜ਼ੋਰਦਾਰ ਰੋਸ ਮੁਜ਼ਾਹਰੇ ਲਾਮਬੰਦ ਕੀਤੇ ਜਾਣਗੇ।