July 7, 2024 11:03 am
Gurdaspur

ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ BSF ਨੇ ਤਲਾਸ਼ੀ ਦੌਰਾਨ ਹੈਰੋਇਨ ਸਮੇਤ ਹਥਿਆਰ ਕੀਤੇ ਬਰਾਮਦ

ਚੰਡੀਗੜ੍ਹ 26 ਅਗਸਤ 2022: ਭਾਰਤ-ਪਾਕਿਸਤਾਨ ਸੀਮਾ ‘ਤੇ ਅਕਸਰ ਹੀ ਨਸ਼ੇ ਦੀ ਬਰਾਮਦੀ ਦੀਆਂ ਖ਼ਬਰਾਂ ਸਾਹਮਣੇ ਆਉਂਦੀ ਹਨ |ਇਸਦੇ ਨਾਲ ਹੀ ਹੁਣ ਸੀਮਾ ਸੁਰੱਖਿਆ ਬਲ ਦੀ 89 ਬਟਾਲੀਅਨ ਦੇ ਜਵਾਨਾਂ ਨੇ ਦੇਰ ਸ਼ਾਮ ਗਸ਼ਤ ਅਤੇ ਤਲਾਸ਼ੀ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨੇੜੇ 3 ਕਿਲੋ ਹੈਰੋਇਨ ਅਤੇ 15 ਕਰੋੜ ਦੀ ਕੀਮਤ ਦਾ ਇੱਕ ਪਿਸਤੌਲ ਬਰਾਮਦ ਕੀਤਾ ਹੈ।

ਸੀਮਾ ਸੁਰੱਖਿਆ ਬਲ ਦੇ ਸੈਕਟਰ ਗੁਰਦਾਸਪੁਰ ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ 89 ਬਟਾਲੀਅਨ ਦੇ ਜਵਾਨ ਅੱਜ ਦੇਰ ਸ਼ਾਮ ਭਾਰਤ-ਪਾਕਿਸਤਾਨ ਸਰਹੱਦ ਨੇੜੇ ਕਮਾਲਪੁਰ ਜੱਟਾਂ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਸ ਦੌਰਾਨ ਇੱਕ ਬੈਗ ਰੇਡ ਵਿੱਚ ਛੁਪਾਇਆ ਹੋਇਆ ਮਿਲਿਆ।

ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ‘ਤੇ ਜਦੋਂ ਬੈਗ ਨੂੰ ਖੋਲ੍ਹਿਆ ਗਿਆ ਤਾਂ ਉਸ ‘ਚੋਂ 3 ਪੈਕਟ ਹੈਰੋਇਨ (3 ਕਿਲੋ 30 ਗ੍ਰਾਮ) ਅਤੇ ਇਕ ਚੀਨੀ ਬਣੀ 30 ਬੋਰ ਦਾ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਇਆ। ਇਹ ਸਮਾਨ ਲੈਣ ਵਾਲੀ ਪਾਰਟੀ ਦੀ ਅਗਵਾਈ ਜਸਪਾਲ ਸਿੰਘ ਡੀ.ਸੀ. ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਥਾਂ ਤੋਂ ਇਹ ਇਤਰਾਜ਼ਯੋਗ ਸਮੱਗਰੀ ਮਿਲੀ ਹੈ, ਉਹ ਅੰਤਰਰਾਸ਼ਟਰੀ ਸਰਹੱਦ ਤੋਂ 400 ਮੀਟਰ ਦੀ ਦੂਰੀ ‘ਤੇ ਹੈ, ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ।