ਚੰਡੀਗੜ੍ਹ,15 ਅਗਸਤ, 2023: ਭਾਰਤ-ਪਾਕਿਸਤਾਨ ਸਰਹੱਦ ‘ਤੇ ਅਟਾਰੀ ਸਰਹੱਦ (Attari border) ‘ਤੇ ਰਾਤ 12 ਵਜੇ ਸ਼ਾਂਤੀ ਦੇ ਸੰਦੇਸ਼ ਨਾਲ 77ਵੇਂ ਆਜ਼ਾਦੀ ਦਿਹਾੜੇ ਦੀ ਸ਼ੁਰੂਆਤ ਹੋਈ। ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਅਮਨ ਦੋਸਤੀ ਯਾਤਰਾ ਕੱਢੀ ਗਈ। ਸਵੇਰੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਸਰਹੱਦ ‘ਤੇ ਤਿਰੰਗਾ ਲਹਿਰਾਇਆ ਗਿਆ। ਇਸ ਦੌਰਾਨ ਡੀਆਈਜੀ ਬੀਐਸਐਫ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਦੌਰਾਨ ਡੀਆਈਜੀ ਬੀਐਸਐਫ ਸੰਜੇ ਗੌੜ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਸਾਰੇ ਜਵਾਨਾਂ ਨੂੰ ਇਸ ਸ਼ੁਭ ਦਿਹਾੜੇ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਜਵਾਨਾਂ ਨੂੰ ਮਠਿਆਈ ਵੀ ਵੰਡੀ। ਜਵਾਨਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਦੇ ਕੇ ਵਧਾਈ ਵੀ ਦਿੱਤੀ।
ਰਾਤ 12 ਵਜੇ ਸਰਹੱਦ ‘ਤੇ ਪਹੁੰਚੇ ਭਾਰਤ ਤੋਂ ਆਏ ਲੋਕਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੁਨਹਿਰੇ ਭਵਿੱਖ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ । ਇਸ ਦੌਰਾਨ ਇੱਕ ਮੋਮਬੱਤੀ ਮਾਰਚ ਵੀ ਕੱਢਿਆ ਗਿਆ ਅਤੇ ਵੰਡ ਵਿੱਚ ਮਾਰੇ ਗਏ 10 ਲੱਖ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਆਜ਼ਾਦੀ ਦੀ ਰਾਤ ਨੂੰ ਅਟਾਰੀ ਸਰਹੱਦ ‘ਤੇ ਬਣੇ ਸੁਨਹਿਰੀ ਗੇਟ ਨੂੰ ਵੀ ਤਿਰੰਗੇ ਦੇ ਰੰਗ ‘ਚ ਰੰਗਿਆ ਦੇਖਿਆ ਗਿਆ।
ਆਜ਼ਾਦੀ ਦਿਹਾੜੇ ਮੌਕੇ ਦੋਵਾਂ ਮੁਲਕਾਂ ਨੂੰ ਪਿਆਰ ਦਾ ਸੁਨੇਹਾ ਦੇਣ ਆਏ ਲੋਕਾਂ ਨੇ ਕਿਹਾ ਕਿ ਵੰਡ ਦੌਰਾਨ ਸਭ ਤੋਂ ਵੱਧ ਨੁਕਸਾਨ ਦੋ ਸੂਬਿਆਂ ਪੰਜਾਬ ਤੇ ਬੰਗਾਲ ਨੂੰ ਹੋਇਆ। 10 ਲੱਖ ਲੋਕ ਮਾਰੇ ਗਏ। ਆਜ਼ਾਦੀ ਦੇ ਇਸ ਮੌਕੇ ‘ਤੇ ਇਨ੍ਹਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਣਾ ਚਾਹੀਦਾ ਹੈ। ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨੀ ਚਾਹੀਦੀ ਹੈ।
ਇਸ ਦੌਰਾਨ ਨੋਇਡਾ ਤੋਂ ਅਟਾਰੀ ਬਾਰਡਰ (Attari border) ‘ਤੇ ਪਹੁੰਚੇ ਨਿਆਮਦ ਤੋਹੀਦ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੇ ਭਵਿੱਖ ਲਈ ਇਕਜੁੱਟ ਹੋਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਹ ਅੱਜ ਭਾਰਤ-ਪਾਕਿ ਦੋਸਤੀ ਲਈ ਚੁੱਕੇ ਗਏ ਇਸ ਕਦਮ ਦਾ ਹਿੱਸਾ ਬਣ ਗਈ ਹੈ। ਲੁਧਿਆਣਾ ਤੋਂ ਪਹੁੰਚੀ ਮਨਦੀਪ ਕੌਰ ਨੇ ਦੱਸਿਆ ਕਿ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪਹਿਲੀ ਵਾਰ ਅਟਾਰੀ ਸਰਹੱਦ ਪਹੁੰਚੀ ਹੈ। ਇੱਥੇ ਮਾਹੌਲ ਦੇਖ ਕੇ ਖੁਸ਼ੀ ਹੋਈ ਕਿ ਦੇਸ਼ ਭਰ ਤੋਂ ਲੋਕ ਇਕੱਠੇ ਹੋਏ ਹਨ ਅਤੇ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ।