ਚੰਡੀਗੜ੍ਹ, 04 ਦਸੰਬਰ 2023: ਬਠਿੰਡਾ (Bathinda) ‘ਚ ਆਨਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਰਾ ਨੇ ਖੇਤ ਵਿੱਚ ਭੈਣ ਅਤੇ ਉਸਦੇ ਘਰਵਾਲੇ ਦਾ ਕਤਲ ਕਰ ਦਿੱਤਾ। ਮਰਨ ਵਾਲਾ ਨੌਜਵਾਨ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਦੇ ਪਿੰਡ ਤੁੰਗਵਾਲੀ ਦੀ ਹੈ। ਕੁਝ ਸਾਲ ਪਹਿਲਾਂ ਮੁੰਡੇ ਅਤੇ ਕੁੜੀ ਨੇ ਕੋਰਟ ਮੈਰਿਜ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਕੁੜੀ ਆਪਣੇ ਘਰ ਆ ਗਈ। ਕੱਲ੍ਹ ਪੰਜਾਬ ਪੁਲਿਸ ਦਾ ਕਾਂਸਟੇਬਲ ਨੌਜਵਾਨ ਉਸ ਨੂੰ ਮਿਲਣ ਲਈ ਤੁੰਗਵਾਲੀ ਆਇਆ ਸੀ। ਜਦੋਂ ਉਹ ਉੱਥੇ ਪਹੁੰਚਿਆ ਤਾਂ ਝਗੜਾ ਹੋ ਗਿਆ। ਜਿਸ ਤੋਂ ਬਾਅਦ ਲੜਕੀ ਦੇ ਭਰਾ ਨੇ ਦੋਵਾਂ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਕਾਂਸਟੇਬਲ ਜਗਮੀਤ ਸਿੰਘ ਨੇ ਨਰਸ ਬੇਅੰਤ ਕੌਰ ਉਰਫ ਮਨੀ ਵਾਸੀ ਦਸਮੇਸ਼ ਨਗਰ ਨਾਲ ਕੋਰਟ ਮੈਰਿਜ ਕਰਵਾਈ ਸੀ। ਇਸ ਸਮੇਂ ਬੇਅੰਤ ਕੌਰ ਆਪਣੇ ਪਿਤਾ ਦੇ ਘਰ ਰਹਿ ਰਹੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਬਲਕਰਨ ਸਿੰਘ, ਕ੍ਰਿਪਾਲ ਸਿੰਘ ਅਤੇ ਹੰਸਾ ਸਿੰਘ ਨੇ ਉਸ ਦੇ ਭਰਾ ’ਤੇ ਹਮਲਾ ਕਰ ਦਿੱਤਾ। ਜਗਮੀਤ ਨੂੰ ਬਚਾਉਣ ਲਈ ਬੇਅੰਤ ਕੌਰ ਉਸ ‘ਤੇ ਡਿੱਗ ਪਈ ਅਤੇ ਰਹਿਮ ਦੀ ਭੀਖ ਮੰਗਣ ਲੱਗੀ ਪਰ ਮੁਲਜ਼ਮਾਂ ਨੇ ਉਸ ਦਾ ਵੀ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਥਾਣਾ ਨਥਾਣਾ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੂਜੇ ਪਾਸੇ ਗੁਆਂਢੀਆਂ ਦਾ ਕਹਿਣਾ ਹੈ ਕਿ ਕਾਂਸਟੇਬਲ ਐਤਵਾਰ ਦੇਰ ਸ਼ਾਮ ਉੱਥੇ (Bathinda) ਆਇਆ ਅਤੇ ਸਹੁਰਿਆਂ ਨੂੰ ਲਲਕਾਰਿਆ। ਜਿਸ ਤੋਂ ਬਾਅਦ ਹਲਾਤ ਵਿਗੜ ਗਏ। ਉਸੇ ਸਮੇਂ ਲੜਕੀ ਦਾ ਭਰਾ ਆ ਗਿਆ। ਉਸ ਦੀ ਕਾਂਸਟੇਬਲ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ।