ਚੰਡੀਗੜ੍ਹ 18 ਨਵੰਬਰ 2022: ਬ੍ਰਿਟੇਨ ਨੇ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੇ ਵਿਸਥਾਰ ਅਤੇ ਭਾਰਤ ਲਈ ਸਥਾਈ ਮੈਂਬਰਸ਼ਿਪ ਦੇਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦਾ ਸਮਰਥਨ ਕੀਤਾ ਹੈ। ਸੰਯੁਕਤ ਰਾਸ਼ਟਰ ਵਿੱਚ ਬਰਤਾਨੀਆ ਦੀ ਸਥਾਈ ਪ੍ਰਤੀਨਿਧੀ ਬਾਰਬਰਾ ਵੁੱਡਵਰਡ ਨੇ ਭਾਰਤ, ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਲਈ ਨਵੀਆਂ ਸਥਾਈ ਸੀਟਾਂ ਦੀ ਮੰਗ ਕੀਤੀ ਹੈ।
ਬਾਰਬਰਾ ਵੁਡਵਰਡ ਨੇ ਕਿਹਾ ਕਿ ਬ੍ਰਿਟੇਨ ਲੰਬੇ ਸਮੇਂ ਤੋਂ ਸੁਰੱਖਿਆ ਪ੍ਰੀਸ਼ਦ ਦੇ ਵਿਸਥਾਰ ਦੀ ਮੰਗ ਕਰ ਰਿਹਾ ਹੈ। ਅਸੀਂ ਭਾਰਤ, ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਲਈ ਨਵੀਆਂ ਸਥਾਈ ਸੀਟਾਂ ਦੇ ਨਾਲ-ਨਾਲ ਅਫਰੀਕਾ ਲਈ ਸਥਾਈ ਪ੍ਰਤੀਨਿਧਤਾ ਦਾ ਸਮਰਥਨ ਕਰਦੇ ਹਾਂ।
ਤੁਹਾਨੂੰ ਦੱਸ ਦਈਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇਸ ਸਮੇਂ ਪੰਜ ਸਥਾਈ ਮੈਂਬਰ ਹਨ। ਇਨ੍ਹਾਂ ਵਿਚ ਅਮਰੀਕਾ, ਰੂਸ, ਚੀਨ, ਫਰਾਂਸ ਅਤੇ ਬ੍ਰਿਟੇਨ ਸ਼ਾਮਲ ਹਨ। ਗਲੋਬਲ ਆਬਾਦੀ ਅਤੇ ਆਰਥਿਕਤਾ ਅਤੇ ਨਵੀਆਂ ਭੂ-ਰਾਜਨੀਤਿਕ ਸਥਿਤੀਆਂ ਦੇ ਮੱਦੇਨਜ਼ਰ, ਲੰਬੇ ਸਮੇਂ ਤੋਂ ਸਥਾਈ ਮੈਂਬਰ ਦੇਸ਼ਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਵੀ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGA) ‘ਚ ਜੀ-4 ਦੀ ਤਰਫੋਂ ਬਿਆਨ ਦਿੱਤਾ। ਇਸ ਵਿਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਬਰਾਬਰ ਪ੍ਰਤੀਨਿਧਤਾ ‘ਤੇ ਜ਼ੋਰ ਦਿੱਤਾ।