ਚੰਡੀਗੜ੍ਹ 10 ਦਸੰਬਰ 2022: ਬ੍ਰਿਟੇਨ (Britain) ਦੀ ਰਿਸ਼ੀ ਸੁਨਕ ਸਰਕਾਰ ਨੇ ਪਾਕਿਸਤਾਨ ਦੇ ਇਕ ਮੁਸਲਿਮ ਮੌਲਵੀ ਖ਼ਿਲਾਫ ਕਾਰਵਾਈ ਕੀਤੀ ਹੈ। ਬ੍ਰਿਟੇਨ ਸਰਕਾਰ ਨੇ ਕਾਰਵਾਈ ਕਰਦੇ ਹੋਏ ਸਿੰਧ ਦੇ ਘੋਟਕੀ ਸਥਿਤ ਭਰਚੁੰਡੀ ਸ਼ਰੀਫ ਦਰਗਾਹ ਦੇ ਮੀਆਂ ਅਬਦੁਲ ਹੱਕ ਨੂੰ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਮੀਆਂ ਅਬਦੁਲ ਹੱਕ ‘ਤੇ ਪਾਕਿਸਤਾਨ ਵਿਚ ਹਿੰਦੂਆਂ ਸਮੇਤ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਲੜਕੀਆਂ ਅਤੇ ਔਰਤਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਹੈ।
ਬ੍ਰਿਟੇਨ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਉਨ੍ਹਾਂ 11 ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਅਬਦੁਲ ਹੱਕ ਦਾ ਨਾਂ ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਮਸ ਕਲੀਵਰਲੀ ਵੱਲੋਂ ਐਲਾਨੀ ਪਾਬੰਦੀਆਂ ਦੀ ਨਵੀਂ ਸੂਚੀ ਵਿੱਚ ਰੱਖਿਆ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮੀਆਂ ਅਬਦੁਲ ਹੱਕ ਦਾ ਸਿੰਧ ਖੇਤਰ ਵਿੱਚ ਕਾਫੀ ਪ੍ਰਭਾਵ ਹੈ। ਸਿੰਧ ਸੂਬੇ ਵਿਚ ਘੱਟ ਗਿਣਤੀਆਂ, ਜ਼ਿਆਦਾਤਰ ਹਿੰਦੂਆਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਲਈ ਉਸ ਦੀ ਆਲੋਚਨਾ ਕੀਤੀ ਗਈ ਹੈ।
ਇਸ ਮੌਕੇ ਬਰਤਾਨੀਆ (Britain) ਦੇ ਵਿਦੇਸ਼ ਸਕੱਤਰ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਆਜ਼ਾਦ ਅਤੇ ਖੁੱਲ੍ਹੇ ਸਮਾਜ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਪਾਬੰਦੀਸ਼ੁਦਾ ਸੂਚੀ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਬੇਨਕਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਯੂਕੇ ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਦੁਨੀਆ ਭਰ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਤਾਨੀਆ ਦੀ ਨਵੀਂ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਜਾਇਦਾਦਾਂ ਬਰਤਾਨੀਆ ਵਿੱਚ ਜਮਾ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਯਾਤਰਾ ‘ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਜਾਂਦੀਆਂ ਹਨ। ਪਾਬੰਦੀਆਂ ਦੀ ਨਵੀਂ ਸੂਚੀ ਵਿਚ ਸ਼ਾਮਲ ਹੋਰ ਦੇਸ਼ਾਂ ਵਿਚ ਰੂਸ, ਯੂਗਾਂਡਾ, ਮਿਆਂਮਾਰ ਅਤੇ ਈਰਾਨ ਸ਼ਾਮਲ ਹਨ।