TheUnmute.com

ਸੋਲਨ ਜ਼ਿਲੇ ਦੇ ਬੱਦੀ ‘ਚ ਭਾਰੀ ਮੀਂਹ ਕਾਰਨ ਪੁੱਲ ਧਸਿਆ, ਚੰਡੀਗੜ੍ਹ-ਸ਼ਿਮਲਾ ਹਾਈਵੇਅ ਬੰਦ

ਚੰਡੀਗੜ੍ਹ, 23 ਅਗਸਤ 2023: ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਕਹਿਰ ਜਾਰੀ ਹੈ। ਸੂਬੇ ਨੇ ਇੱਕ ਵਾਰ ਫਿਰ ਤਬਾਹੀ ਮਚਾਈ ਹੈ। ਮੰਗਲਵਾਰ ਦੇਰ ਰਾਤ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਸੋਲਨ (Solan) ਜ਼ਿਲੇ ਦੇ ਬੱਦੀ ‘ਚ ਭਾਰੀ ਮੀਂਹ ਅਤੇ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਕ ਪੁੱਲ ਨੁਕਸਾਨਿਆ ਗਿਆ ਹੈ। ਜਿਸ ਕਾਰਨ ਬੱਦੀ ਦਾ ਹਰਿਆਣਾ ਅਤੇ ਚੰਡੀਗੜ੍ਹ ਨਾਲ ਸੰਪਰਕ ਟੁੱਟ ਗਿਆ ਹੈ। ਪੁੱਲ ਤੋਂ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਭਾਰੀ ਮੀਂਹ ਕਾਰਨ ਚੰਡੀਗੜ੍ਹ-ਸ਼ਿਮਲਾ ਹਾਈਵੇਅ ‘ਤੇ ਚੱਕੀ ਮੋਡ ਨੇੜੇ ਇਕ ਵਾਰ ਫਿਰ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਈਵੇਅ ‘ਤੇ ਲੰਮਾ ਜਾਮ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਸੋਲਨ ਜ਼ਿਲੇ ਦੇ ਸੁਬਾਥੂ ‘ਚ ਇਕ ਡਰੇਨ ‘ਚ ਹੜ੍ਹ ਆ ਗਿਆ ਹੈ, ਜਿਸ ਕਾਰਨ ਮਲਬਾ ਲੋਕਾਂ ਦੇ ਘਰਾਂ ‘ਚ ਵੜ ਗਿਆ ਹੈ। ਸੜਕਾਂ ‘ਤੇ ਮਲਬਾ ਅਤੇ ਭਾਰੀ ਪੱਥਰ ਵੀ ਜਮ੍ਹਾਂ ਹੋ ਗਏ ਹਨ। ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਭਾਰੀ ਮੀਂਹ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ 23 ਅਤੇ 24 ਅਗਸਤ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਜਿਸਦਾ ਸ਼ਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਇਸੇ ਤਰ੍ਹਾਂ ਮੰਡੀ ਦੀ ਸਰਦਾਰ ਪਟੇਲ ਯੂਨੀਵਰਸਿਟੀ ਨੇ ਵੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। 23 ਅਗਸਤ ਨੂੰ ਸੂਬੇ ਵਿੱਚ ਮੰਡੀ, ਸ਼ਿਮਲਾ, ਹਮੀਰਪੁਰ, ਸੋਲਨ (Solan) ਸਿਰਮੌਰ, ਕਾਂਗੜਾ ਵਿੱਚ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਘੰਟਿਆਂ ਤੱਕ ਚੰਬਾ, ਕੁੱਲੂ, ਕਿਨੌਰੀ ਅਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਹਿਮਾਚਲ ‘ਚ ਇਸ ਮਾਨਸੂਨ ਸੀਜ਼ਨ ‘ਚ ਹੁਣ ਤੱਕ 350 ਜਣਿਆਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਹਿਮਾਚਲ ਨੂੰ 8 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਫਿਲਹਾਲ ਹਿਮਾਚਲ ‘ਚ ਮੀਂਹ ਤੋਂ ਕੋਈ ਰਾਹਤ ਨਜ਼ਰ ਨਹੀਂ ਆ ਰਹੀ ਹੈ। ਸ਼ਿਮਲਾ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਕੇਂਦਰੀ ਮੰਤਰੀ ਅਤੇ ਹਮੀਰਪੁਰ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਜ਼ਿਲ੍ਹੇ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।

Exit mobile version