Site icon TheUnmute.com

Punjab News: ਬ੍ਰਮ ਸ਼ੰਕਰ ਜਿੰਪਾ ਵੱਲੋਂ ਨਹਿਰੀ ਪਾਣੀ ਸਕੀਮਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਸਖ਼ਤ ਨਿਰਦੇਸ਼ ਜਾਰੀ

Bram Shankar Jimpa

ਚੰਡੀਗੜ੍ਹ, 19 ਜੂਨ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ (Bram Shankar Jimpa) ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਸਖਤ ਸ਼ਬਦਾਂ ਵਿੱਚ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਕਿਸੇ ਵੀ ਪਿੰਡ ਵਾਸੀ ਨੂੰ ਪਾਣੀ ਦੀ ਕੋਈ ਕਿੱਲਤ ਨਾ ਆਵੇ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਨਹੀਂ ਹੈ ਉੱਥੇ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਪੰਜਾਬ ਵਿਚ ਕਾਰਜ ਅਧੀਨ 15 ਨਹਿਰੀ ਪਾਣੀ ਸਕੀਮਾਂ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਕੇ ਲੋਕ ਅਰਪਿਤ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ।

ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੂੰ ਦੱਸਿਆ ਗਿਆ ਕਿ 2940 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ 15 ਨਹਿਰੀ ਪਾਣੀ ਆਧਾਰਿਤ ਸਕੀਮਾਂ ਕਾਰਜ ਅਧੀਨ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਕੀਮਾਂ ਇਸੇ ਸਾਲ ਦੇ ਅੰਤ ਤੱਕ ਚਾਲੂ ਹੋ ਜਾਣਗੀਆਂ ਅਤੇ ਕੁਝ ਸਕੀਮਾਂ ਅਗਲੇ ਸਾਲ ਤੱਕ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਸਕੀਮਾਂ ਦੇ ਸ਼ੁਰੂ ਹੋਣ ਨਾਲ 1706 ਪਿੰਡਾਂ ਦੇ 4 ਲੱਖ 33055 ਘਰਾਂ ਦੇ 24 ਲੱਖ 73 ਹਜ਼ਾਰ 261 ਲੋਕਾਂ ਨੂੰ ਫਾਇਦਾ ਮਿਲੇਗਾ।

ਇਹ ਸਕੀਮਾਂ ਮੰਡੋਲੀ ਤੇ ਪਾਬਰਾ (ਪਟਿਆਲਾ), ਨਾਨੋਵਾਲ (ਫਤਹਿਗੜ੍ਹ ਸਾਹਿਬ), ਪਾਰੋਵਾਲ ਤੇ ਕੁੰਜਰ (ਗੁਰਦਾਸਪੁਰ), ਚਵਿੰਡਾ ਕਲਾਂ, ਗੌਂਸਲ ਅਫਗਾਨਾ ਤੇ ਕੰਦੋਵਾਲੀ (ਅੰਮ੍ਰਿਤਸਰ), ਸੰਗਨਾ, ਭੁੱਚਰ ਕਲਾਂ (ਤਰਨਤਾਰਨ), ਮਾਣਕਪੁਰ (ਰੂਪਨਗਰ), ਪੱਤਰੇਵਾਲਾ, ਘੱਟਿਆ ਵਾਲੀ ਬੋਦਲਾ (ਫਾਜ਼ਿਲਕਾ), ਸੋਹਣਗੜ੍ਹ ਰੱਤੇਵਾਲਾ (ਫਿਰੋਜ਼ਪੁਰ) ਅਤੇ ਤਲਵਾੜਾ (ਹੁਸ਼ਿਆਰਪੁਰ) ‘ਚ ਸਥਿਤ ਹਨ। ਜਿੰਪਾ ਨੇ ਹਦਾਇਤ ਕੀਤੀ ਕਿ ਨਹਿਰੀ ਪਾਣੀ ਆਧਾਰਿਤ ਇਨ੍ਹਾਂ ਸਕੀਮਾਂ ਨੂੰ ਸਮੇਂ ਸਿਰ ਪੂਰਾ ਕਰਕੇ ਲੋਕ ਅਰਪਿਤ ਕੀਤਾ ਜਾਵੇ ਤਾਂ ਜੋ ਹਰੇਕ ਪਿੰਡ ਵਾਸੀ ਤੱਕ ਸਾਫ ਪਾਣੀ ਦੀ ਸਪਲਾਈ ਯਕੀਨੀ ਹੋਵੇ।

ਇਸ ਮੌਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੰਤਰੀ (Bram Shankar Jimpa) ਨੂੰ ਦੱਸਿਆ ਕਿ ਪਾਣੀ ਸਪਲਾਈ ਨਾ ਹੋਣ ਦੀਆਂ ਮਈ ਮਹੀਨੇ ਵਿਚ ਟੋਲ ਫ੍ਰੀ ਨੰਬਰ 1800-180-2468 ਉੱਤੇ ਆਈਆਂ 1463 ਸ਼ਿਕਾਇਤਾਂ ਵਿਚੋਂ 1433 ਸ਼ਿਕਾਇਤਾਂ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਜੂਨ ਮਹੀਨੇ ਵਿਚ ਆਈਆਂ 947 ਸ਼ਿਕਾਇਤਾਂ ਵਿਚੋਂ ਵੀ 17 ਜੂਨ ਤੱਕ 548 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।

ਜਿੰਪਾ ਨੇ ਉੱਚ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਆਵਾਮ ਪੱਖੀ ਕਾਰਜ/ਸਕੀਮਾਂ ਲੋਕ ਅਰਪਿਤ ਕਰਨ ਮੌਕੇ ਸਥਾਨਕ ਨੁਮਾਇੰਦਿਆਂ ਜਿਵੇਂ ਕਿ ਵਿਧਾਇਕ, ਐਮ.ਸੀ., ਸਰਪੰਚ-ਪੰਚ ਆਦਿ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਪਹਿਲਾਂ ਤੋਂ ਜਾਰੀ ਸਕੀਮਾਂ, ਆਰ.ਓ ਪਲਾਂਟਾਂ, ਟਿਊਬਵੈੱਲਾਂ ਅਤੇ ਹੋਰ ਕੰਮਾਂ ਬਾਬਤ ਵੀ ਜਾਣਕਾਰੀ ਹਾਸਲ ਕੀਤੀ ਅਤੇ ਜ਼ਰੂਰੀ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ।

ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੇ ਬਜਵਾੜਾ ਸੀਵਰੇਜ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਦੀ ਸਮਾਂ ਸੀਮਾ ਅਗਸਤ 2025 ਹੈ। ਜਿੰਪਾ ਨੇ ਕਿਹਾ ਕਿ ਇਹ ਪ੍ਰੋਜੈਕਟ ਹਰ ਹਾਲ ਵਿਚ ਨਿਰਧਾਰਿਤ ਸਮੇਂ ਵਿਚ ਪੂਰਾ ਕਰਕੇ ਲੋਕ ਅਰਪਿਤ ਕੀਤਾ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਦੀ ਚੰਗੀ ਤਰ੍ਹਾਂ ਨਿਗਰਾਨੀ ਕੀਤੀ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਸੀਵਰੇਜ ਵਿਛਾਉਣ ਸਮੇਂ ਨਗਰ ਵਾਸੀਆਂ ਨੂੰ ਘੱਟ ਤੋਂ ਘੱਟ ਦਿੱਕਤਾਂ ਪੇਸ਼ ਆਉਣ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਦਿਹਾਤੀ ਇਲਾਕਿਆਂ ਵਿਚ ਕੂੜਾ ਪ੍ਰਬੰਧਨ ਲਈ ਵਿਆਪਕ ਪੱਧਰ ‘ਤੇ ਮੁਹਿੰਮ ਚਲਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ ਇਸ ਲਈ ਲੋਕਾਂ ਨੂੰ ਪ੍ਰੇਰਿਤ ਤੇ ਜਾਗਰੂਕ ਕਰਕੇ ਪੰਜਾਬ ਦੇ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣ ਲਈ ਵਿਭਾਗ ਨੂੰ ਕਾਰਗਰ ਕਦਮ ਉਠਾਉਣੇ ਚਾਹੀਦੇ ਹਨ। ਮੀਟਿੰਗ ਵਿਚ ਪ੍ਰਮੁੱਖ ਸਕੱਤਰ ਨੀਲਕੰਠ ਅਵਹਦ, ਵਿਭਾਗ ਮੁਖੀ ਅਮਿਤ ਤਲਵਾੜ, ਸਾਰੇ ਚੀਫ ਇੰਜੀਨੀਅਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Exit mobile version