July 5, 2024 1:40 am
booster doses

ਪੰਜਾਬ ‘ਚ ਕੋਵਿਡ ਰੋਕਥਾਮ ਲਈ ਅੱਜ ਬੂਸਟਰ ਡੋਜ਼ ਦੇਣ ਦੀ ਮੁਹਿੰਮ ਹੋਈ ਸ਼ੁਰੂ

ਚੰਡੀਗੜ੍ਹ 10 ਜਨਵਰੀ 2022: ਦੇਸ਼ ਭਰ ‘ਚ ਕੋਰੋਨਾ ਲਗਾਤਾਰ ਤੇਜੀ ਨਾਲ ਵੱਧ ਰਿਹਾ ਹੈ | ਪੰਜਾਬ (Punjab) ‘ਚ ਕੋਰੋਨਾ (Corona) ਦੇ ਮਦੇਨਜਰ ਪੰਜਾਬ ਸਰਕਾਰ ਹਦਾਇਤਾਂ ਜਰਕੀ ਕਰ ਚੁੱਕੀ ਹੈ | ਪੰਜਾਬ (Punjab) ਭਰ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਰੋਕਥਾਮ ਲਈ ਬੂਸਟਰ ਡੋਜ਼ (Booster Doses) ਦੇਣ ਦੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ। ਸਿਹਤ ਤੇ ਪਰਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ ਨੇ ਅੱਜ ਸਥਾਨਕ ਜ਼ਿਲ੍ਹਾ ਹਸਪਤਾਲ ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ (Booster Doses) ਦੇਣ ਦੀ ਮੁਹਿੰਮ ਦਾ ਉਦਘਾਟਨ ਕੀਤਾ। ਡਾਇਰੈਕਟਰ ਅਤੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਭ ਤੋਂ ਪਹਿਲਾਂ 61 ਸਾਲਾ ਅਮਨ ਮਲਿਕ ਨੂੰ ਬੂਸਟਰ ਡੋਜ਼ ਦਿਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਜੀ.ਬੀ. ਸਿੰਘ ਨੇ ਦਸਿਆ ਕਿ ਹੈਲਥਕੇਅਰ ਵਰਕਰਾਂ, ਫ਼ਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਉਪਰਲੇ ਵਿਅਕਤੀਆਂ ਨੂੰ ਅਹਿਤਿਆਤ ਵਜੋਂ ਤੀਜੀ ਖ਼ੁਰਾਕ ਦੇਣ ਦੀ ਸੂਬਾ ਪੱਧਰੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਦਸਿਆ ਕਿ ਬੂਸਟਰ ਡੋਜ਼ ਪਹਿਲਾਂ ਲਈਆਂ ਦੋਵੇਂ ਖ਼ੁਰਾਕਾਂ ਵਾਲੀ ਹੀ ਹੋਵੇਗੀ ਭਾਵ ਜੇ ਕਿਸੇ ਨੇ ਪਹਿਲੀਆਂ ਦੋ ਖ਼ੁਰਾਕਾਂ ਕੋਵੈਕਸੀਨ ਦੀਆਂ ਲਈਆਂ ਹਨ ਤਾਂ ਉਸ ਨੂੰ ਤੀਜਾ ਟੀਕਾ ਵੀ ਕੋਵੈਕਸੀਨ ਦਾ ਲਗਾਇਆ ਜਾਵੇਗਾ।

ਉਨ੍ਹਾਂ ਦਸਿਆ ਕਿ ਬੂਸਟਰ ਡੋਜ਼ ਸਬੰਧੀ ਕੁਝ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਹ ਡੋਜ਼ ਦੂਜੀ ਖ਼ੁਰਾਕ ਲੈਣ ਦੇ 273 ਦਿਨਾਂ ਮਗਰੋਂ ਦਿਤੀ ਜਾਵੇਗੀ ਅਤੇ ਲਾਭਪਾਤਰੀ ਬੂਸਟਰ ਡੋਜ਼ ਲੈਣ ਦੇ 3 ਮਹੀਨੇ ਪਹਿਲਾਂ ਤਕ ਕੋਵਿਡ ਪਾਜ਼ੇਟਿਵ ਨਹੀਂ ਹੋਣਾ ਚਾਹੀਦਾ। ਡਾ. ਜੀ.ਬੀ. ਸਿੰਘ ਨੇ ਦਸਿਆ ਕਿ ਬੂਸਟਰ ਡੋਜ਼ ਦੇਣ ਲਈ ਸਿਹਤ ਸੰਸਥਾਵਾਂ ਵਿਚ ਵਖਰੇ ਕੇਂਦਰ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਬੀਤੀ ਤਿੰਨ ਜਨਵਰੀ ਨੂੰ 15 ਤੋਂ 18 ਸਾਲ ਤਕ ਦੇ ਨੌਜਵਾਨਾਂ ਨੂੰ ਕੋਵਿਡ-ਰੋਕੂ ਟੀਕਾ ਲਗਾਏ ਜਾਣ ਦੀ ਸ਼ੁਰੂਆਤ ਕੀਤੀ ਗਈ ਸੀ।

ਕੋਵਿਡ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਬਾਰੇ ਗੱਲ ਕਰਦਿਆਂ ਡਾਇਰੈਕਟਰ ਨੇ ਕਿਹਾ ਕਿ ਹਰ ਰੋਜ਼ ਵੱਧ ਰਹੇ ਕੋਵਿਡ ਮਾਮਲਿਆਂ ਨੂੰ ਵੇਖਦਿਆਂ ਹਰ ਕਿਸੇ ਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਜਿਥੇ ਕੋਵਿਡ ਟੀਕਾਕਰਨ ਬੇਹੱਦ ਜ਼ਰੂਰੀ ਹੈ, ਉਥੇ ਮਾਸਕ ਪਾਉਣ, ਇਕ ਦੂਜੇ ਤੋਂ ਸਮਾਜਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਤਿਅੰਤ ਲੋੜ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੇ ਹਾਲੇ ਤਕ ਪਹਿਲਾ ਜਾਂ ਦੂਜਾ ਟੀਕਾ ਨਹੀਂ ਲਗਵਾਇਆ, ਉਹ ਤੁਰੰਤ ਅਪਣਾ ਟੀਕਾਕਰਨ ਕਰਵਾਉਣ।

ਡਾ. ਜੀ.ਬੀ. ਸਿੰਘ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਦੇ ਮੁਕਾਬਲੇ ਲਈ ਪਹਿਲਾਂ ਹੀ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਜਿਥੇ ਵੱਖ-ਵੱਖ ਥਾਈਂ ਕੋਵਿਡ ਸੈਂਪਲਿੰਗ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਉਥੇ ਕੋਵਿਡ ਟੀਕਾਕਰਨ ਦੇ ਕੰਮ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਬੀਮਾਰੀ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਹ ਕਿਹਾ ਕਿ ਤੀਜੀ ਸੰਭਾਵੀ ਲਹਿਰ ਤੋਂ ਘਬਰਾਉਣ ਦੀ ਨਹੀਂ ਸਗੋਂ ਤਮਾਮ ਜ਼ਰੂਰੀ ਸਾਵਧਾਨੀਆਂ ਵਰਤ ਕੇ ਖ਼ੁਦ ਨੂੰ ਅਤੇ ਸਮਾਜ ਨੂੰ ਬਚਾਉਣ ਦੀ ਲੋੜ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਆਦਿ ਜਿਹੀ ਤਕਲੀਫ਼ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਕੋਵਿਡ ਟੈਸਟ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਵੀ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐਚ.ਐਸ.ਚੀਮਾ, ਡਾ. ਬਬਨਦੀਪ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਸਿਹਤ ਅਧਿਕਾਰੀ ਤੇ ਸਟਾਫ਼ ਮੌਜੂਦ ਸੀ।