ਚੰਡੀਗੜ੍ਹ 16 ਜਨਵਰੀ 2022: ਦੁਨੀਆਂ ‘ਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਕਹਿਰ ਮਚਾ ਦਿੱਤਾ ਹੈ| ਕੋਰੋਨਾ ਦੇ ਕੇਸ ਤੇਜੀ ਨਾਲ ਵਧ ਰਹੇ ਹਨ | ਬ੍ਰਿਟੇਨ (UK) ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਬਾਲਗਾਂ ਨੂੰ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਦੇਣ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਦੇ ਤਹਿਤ 16 ਅਤੇ 17 ਸਾਲ ਉਮਰ ਵਰਗ ਦੇ ਬਾਲਗ ਸੋਮਵਾਰ ਤੋਂ ਬੂਸਟਰ ਖੁਰਾਕ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬ੍ਰਿਟੇਨ ‘ਚ ਟੀਕਾਕਰਨ ਸਬੰਧੀ ਸੰਯੁਕਤ ਕਮੇਟੀ ਵੱਲੋਂ ਹੁਣ ਤੱਕ ਟੀਕੇ ਦੀ ਤੀਸਰੀ ਖੁਰਾਕ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਜਾਂ ਕੋਵਿਡ-19ਦੇ ਜ਼ਿਆਦਾ ਜੋਖਮ ਦੀ ਮੈਡੀਕਲ ਸ਼੍ਰੇਣੀ ਵਾਲੇ ਬਾਲਗਾਂ ਲਈ ਹੀ ਪ੍ਰਸਤਾਵਿਤ ਸੀ। ਹਾਲ ‘ਚ ਹੀ ਇਸ ਦਾ ਦਾਇਰਾ ਵਧਾ ਕੇ ਬੂਸਟਰ ਖੁਰਾਕ ਲਈ 16 ਅਤੇ 17 ਸਾਲ ਦੇ ਬਾਲਗਾਂ ਨੂੰ ਵੀ ਇਜਾਜ਼ਤ ਦਿੱਤੀ ਗਈ।
ਐੱਨ.ਐੱਚ.ਐੱਸ. ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ 16 ਅਤੇ 17 ਸਾਲ ਉਮਰ ਵਰਗ ਦੇ ਹਰੇਕ ਬਾਲਗ ਨੂੰ ਆਉਣ ਵਾਲੇ ਦਿਨਾਂ ‘ਚ ਟੀਕੇ ਦੀ ਤੀਸਰੀ ਖੁਰਾਕ ਦਿੱਤੀ ਜਾਵੇਗੀ। ਹਾਲਾਂਕਿ, ਅਜਿਹੇ ਬਾਲਗ ਹੀ ਟੀਕੇ ਦੀ ਬੂਸਟਰ ਖੁਰਾਕ ਲੈ ਸਕਦੇ ਹਨ ਜਿਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਦੂਜੀ ਖੁਰਾਕ ਲਈ ਹੈ। ਐੱਨ.ਐੱਚ.ਐੱਸ. ਟੀਕਾਕਰਨ ਪ੍ਰੋਗਰਾਮ ਦੀ ਭਾਰਤੀ ਮੂਲ ਦੀ ਉਪ ਮੁਖੀ ਨਿਕੀ ਕਨਾਨੀ ਨੇ ਕਿਹਾ ਕਿ ਐੱਨ.ਐੱਚ.ਐੱਸ. ਕੋਵਿਡ-19 ਟੀਕਾਕਰਨ ਪ੍ਰੋਗਰਾਮ ਦਾ ਦਾਇਰਾ ਇਕ ਵਾਰ ਫਿਰ ਵਧਾਉਂਦੇ ਹੋਏ ਸੋਮਵਾਰ ਤੋਂ 16 ਅਤੇ 17 ਸਾਲ ਉਮਰ ਵਰਗ ਦੇ ਬਾਲਗ ਆਪਣੀ ਬੂਸਟਰ ਖੁਰਾਕ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਨਾਲ ਹੀ ਦੇਸ਼ ਭਰ ‘ਚ ਟੀਕਾਕਰਨ ਕੇਂਦਰਾਂ ‘ਤੇ ਸਿੱਧੇ ਜਾ ਕੇ ਵੀ ਖੁਰਾਕ ਲਈ ਜਾ ਸਕਦੀ ਹੈ। ਐੱਨ.ਐੱਚ.ਐੱਸ. ਨੇ ਬ੍ਰਿਟੇਨ ਸਿਹਤ ਸੁਰੱਖਿਆ ਏਜੰਸੀ ਦੇ ਹਾਲ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਪਾਇਆ ਗਿਆ ਹੈ ਕਿ ਟੀਕੇ ਦੀਆਂ ਦੋ ਖੁਰਾਕਾਂ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਪੂਰੀ ਤਰ੍ਹਾਂ ਸੁਰੱਖਿਆ ਪ੍ਰਦਾਨ ਕਰਨ ਲਈ ਕਾਫੀ ਨਹੀਂ ਹਨ ਜਦਕਿ ਬੂਸਟਰ ਖੁਰਾਕ ਨਾਲ ਵਾਇਰਸ ਵਿਰੁੱਧ ਭਰਪੂਰ ਪ੍ਰਤੀਰੋਧਕ ਸਮਰਥਾ ਮਿਲਦੀ ਹੈ।