July 7, 2024 10:01 am
ਬੰਬ ਧਮਾਕਾ ਮਾਮਲਾ

ਬੰਬ ਧਮਾਕਾ ਮਾਮਲਾ: ਮੁਲਜ਼ਮਾ ਨਾਲ ਜਲਾਲਾਬਾਦ ਪੁੱਜੀ NIA ਟੀਮ, ਤਿੰਨ ਥਾਵਾਂ ‘ਤੇ ਜਾਂਚ

ਚੰਡੀਗੜ੍ਹ, 17 ਨਵੰਬਰ 2021 : 15 ਸਤੰਬਰ ਨੂੰ ਪੰਜਾਬ ਦੇ ਜਲਾਲਾਬਾਦ ਦੀ ਸਬਜ਼ੀ ਮੰਡੀ ਤੋਂ 100 ਗਜ਼ ਦੂਰ ਬੰਬ ਧਮਾਕਾ ਹੋਇਆ ਸੀ। ਇਹ ਧਮਾਕਾ ਸਬਜ਼ੀ ਮੰਡੀ ‘ਚ ਕਰਨ ਦੀ ਯੋਜਨਾ ਸੀ, ਪਰ ਨਿਰਧਾਰਤ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਬਾਈਕ ਦੀ ਫਿਊਲ ਟੈਂਕੀ ਦੇ ਹੇਠਾਂ ਰੱਖੇ ਟਿਫਿਨ ਬੰਬ ‘ਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਡਰਾਈਵਰ ਦੀ ਜਾਨ ਚਲੀ ਗਈ। NIA ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਟਿਫ਼ਨ ਬੰਬ ਬਰਾਮਦ ਕੀਤੇ ਜਾ ਚੁੱਕੇ ਹਨ।
ਜਲਾਲਾਬਾਦ ਬੰਬ ਧਮਾਕਿਆਂ ‘ਚ ਸ਼ਾਮਲ ਇਕ ਦੋਸ਼ੀ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਮੰਗਲਵਾਰ ਨੂੰ ਜਲਾਲਾਬਾਦ ਪਹੁੰਚ ਗਈ ਹੈ। ਮੁਲਜ਼ਮਾਂ ਨੇ ਐਨਆਈਏ ਅਧਿਕਾਰੀਆਂ ਨੂੰ ਉਹ ਤਿੰਨ ਸਥਾਨ ਦਿਖਾਏ ਜਿੱਥੇ ਧਮਾਕੇ ਦੀ ਯੋਜਨਾ ਬਣਾਈ ਗਈ ਸੀ। ਇਨ੍ਹਾਂ ਤਿੰਨਾਂ ਥਾਵਾਂ ‘ਤੇ ਜ਼ਿਆਦਾ ਭੀੜ ਹੈ। ਇਸ ਸਾਲ 15 ਸਤੰਬਰ ਨੂੰ ਜਲਾਲਾਬਾਦ ਦੀ ਸਬਜ਼ੀ ਮੰਡੀ ਨੇੜੇ ਟਿਫਨ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਮੁਲਜ਼ਮ ਬਲਵਿੰਦਰ ਸਿੰਘ ਵਾਸੀ ਪਿੰਡ ਨਿਹੰਗੇ, ਝੁੱਗੇ ਜ਼ਿਲ੍ਹਾ ਫਿਰੋਜ਼ਪੁਰ ਦੀ ਮੌਤ ਹੋ ਗਈ ਸੀ।

ਹੁਣ ਤੱਕ ਸੁਰੱਖਿਆ ਏਜੰਸੀਆਂ ਨੇ ਧਮਾਕੇ ਨਾਲ ਸਬੰਧਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਤਿੰਨ ਟਿਫਿਨ ਬੰਬ ਮਿਲੇ ਹਨ। ਖ਼ੁਫ਼ੀਆ ਸੂਤਰਾਂ ਅਨੁਸਾਰ ਐਨਆਈਏ ਦੇ ਏਐਸਆਈ ਮਨਜੀਤ ਸਿੰਘ ਆਪਣੀ ਟੀਮ ਸਮੇਤ ਜਲਾਲਾਬਾਦ ਬੰਬ ਧਮਾਕੇ ਦੇ ਇੱਕ ਮੁਲਜ਼ਮ ਨਾਲ ਜਲਾਲਾਬਾਦ ਪੁੱਜੇ। ਉਕਤ ਮੁਲਜ਼ਮਾਂ ਨੇ ਟੀਮ ਨੂੰ ਬਾਹਮਣੀ ਮੰਡੀ, ਪੁਰਾਣੀ ਸਬਜ਼ੀ ਮੰਡੀ ਚੌਕ ਅਤੇ ਪੁਰਾਣੀ ਬਾਹਮਣੀ ਚੌਕੀ ਵਾਲੀ ਥਾਂ ਦਿਖਾਈ। ਇਨ੍ਹਾਂ ਥਾਵਾਂ ਨੂੰ ਟਿਫਿਨ ਬੰਬਾਂ ਨਾਲ ਧਮਾਕੇ ਕਰਨ ਦੀ ਯੋਜਨਾ ਸੀ। ਇਨ੍ਹਾਂ ਤਿੰਨਾਂ ਥਾਵਾਂ ‘ਤੇ ਜ਼ਿਆਦਾ ਭੀੜ ਹੈ।

NIA ਤੋਂ ਇਲਾਵਾ ਪੰਜਾਬ ਦੀਆਂ ਕਈ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਸੁਰੱਖਿਆ ਏਜੰਸੀਆਂ ਨੇ ਜਲਾਲਾਬਾਦ ਬੰਬ ਧਮਾਕੇ ਦੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਗਰਾਓਂ ਪੁਲਿਸ ਜਲਾਲਾਬਾਦ ਦੀ ਸਬਜ਼ੀ ਮੰਡੀ ‘ਚ ਹੋਏ ਬੰਬ ਧਮਾਕੇ ਦੇ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਮੁਕਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਪੁੱਛਗਿਛ ਲਈ ਆਈ ਹੈ ਕਿਉਂਕਿ ਧਮਾਕੇ ਤੋਂ ਬਾਅਦ ਸੁੱਖਾ ਦੇ ਸਾਥੀ ਜਗਰਾਓਂ ਦੇ ਵੱਖ-ਵੱਖ ਪਿੰਡਾਂ ‘ਚ ਜਾ ਕੇ ਆਪਣੇ ਸਾਥੀਆਂ ਨਾਲ ਲੁਕ ਗਏ ਸਨ।

ਜਗਰਾਉਂ ਪੁਲੀਸ ਨੇ ਮੁਲਜ਼ਮ ਰਣਜੀਤ ਸਿੰਘ, ਮਨਜੀਤ ਸਿੰਘ, ਜਸਵੰਤ ਸਿੰਘ ਅਤੇ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਸਵੰਤ ਅਤੇ ਬਲਵੰਤ ਦਾ ਸੋਮਵਾਰ ਤੱਕ ਪੁਲਿਸ ਰਿਮਾਂਡ ਸੀ, ਜੋ ਹੁਣ ਲੁਧਿਆਣਾ ਜੇਲ੍ਹ ਵਿੱਚ ਬੰਦ ਹਨ। ਰਣਜੀਤ ਸਿੰਘ ਦਾ 17 ਨਵੰਬਰ ਤੱਕ ਪੁਲਿਸ ਰਿਮਾਂਡ ਹੈ। ਜਦਕਿ ਸੁੱਖਾ ਅਤੇ ਮਨਜੀਤ 18 ਨਵੰਬਰ ਤੱਕ ਰਿਮਾਂਡ ‘ਤੇ ਹਨ। ਮੁਲਜ਼ਮ ਪ੍ਰਵੀਨ ਕੁਮਾਰ ਵਾਸੀ ਪਿੰਡ ਧਰਮੂਵਾਲਾ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮੁਕਤਸਰ ਜੇਲ੍ਹ ਤੋਂ ਮੁਹਾਲੀ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਜਗਰਾਉਂ ਪੁਲਸ ਪ੍ਰਵੀਨ ਨੂੰ ਪੁੱਛਗਿੱਛ ਲਈ ਲੈ ਕੇ ਆਵੇਗੀ। ਸੁੱਖਾ ਅਤੇ ਪ੍ਰਵੀਨ ਪਾਸੋਂ ਦੋ ਟਿਫ਼ਨ ਬੰਬ ਬਰਾਮਦ ਹੋਏ ਹਨ ਅਤੇ ਤੀਜਾ ਟਿਫ਼ਨ ਬੰਬ ਪਿੰਡ ਨਿਹੰਗੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਝੁੱਗੀ ਵਿੱਚੋਂ ਜਸਵੰਤ ਦੇ ਇਸ਼ਾਰੇ ‘ਤੇ ਮਿਲਿਆ ਹੈ।