June 30, 2024 4:09 pm
VIRAT

BCCI ਨੇ ਵਿਰਾਟ ਕੋਹਲੀ ਨੂੰ ਕਪਤਾਨੀ ਛੱਡਣ ਲਈ ਦਿੱਤਾ 48 ਘੰਟਿਆਂ ਦਾ ਸਮਾਂ

ਚੰਡੀਗੜ੍ਹ 9 ਦਸੰਬਰ 2021 : ਵਿਰਾਟ ਕੋਹਲੀ (Virat kohli) ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀ-20 ਟੀਮ ਦੀ ਕਪਤਾਨੀ ਛੱਡ ਦਿੱਤੀ ਅਤੇ ਆਈ.ਸੀ.ਸੀ, ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਸ ਦਾ ਐਲਾਨ ਕਰ ਦਿੱਤਾ। ਪਰ ਹੁਣ ਕੋਹਲੀ ਨੂੰ ਝਟਕਾ ਦਿੰਦੇ ਹੋਏ ਬੀ.ਸੀ.ਸੀ.ਆਈ, (BCCI)ਨੇ ਉਸ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਹੈ ਅਤੇ ਉਸ ਦੀ ਜਗ੍ਹਾ ਰੋਹਿਤ ਸ਼ਰਮਾ ਵਨਡੇ ਟੀਮ ਦੇ ਕਪਤਾਨ ਹੋਣਗੇ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਕੋਹਲੀ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਵਨਡੇ ਟੀਮ ਦੀ ਕਪਤਾਨੀ ਛੱਡ ਸਕਦੇ ਹਨ। ਪਰ ਜਾਣਕਾਰੀ ਮੁਤਾਬਕ ਕੋਹਲੀ ਨੇ ਖੁਦ ਕਪਤਾਨੀ ਨਹੀਂ ਛੱਡੀ, ਸਗੋਂ ਬੋਰਡ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ।
ਬੀ.ਸੀ.ਸੀ.ਆਈ, ਨੇ ਕੋਹਲੀ ਨੂੰ ਆਪਣੀ ਮਰਜ਼ੀ ਨਾਲ ਵਨਡੇ ਟੀਮ ਦੀ ਕਪਤਾਨੀ ਛੱਡਣ ਲਈ 48 ਘੰਟੇ ਦਾ ਸਮਾਂ ਦਿੱਤਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਬੋਰਡ ਨੇ ਆਪਣੇ ਤੌਰ ‘ਤੇ ਫੈਸਲਾ ਲਿਆ ਅਤੇ ਕੋਹਲੀ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਕੇ ਰੋਹਿਤ ਸ਼ਰਮਾ ਨੂੰ ਇਹ ਅਹੁਦਾ ਸੌਂਪ ਦਿੱਤਾ। ਬੀ.ਸੀ.ਸੀ.ਆਈ. ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਲਿਖਿਆ, ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਰੋਹਿਤ ਸ਼ਰਮਾ ਨੂੰ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਟੀਮਾਂ ਦਾ ਕਪਤਾਨ ਬਣਾਉਣ ਦਾ ਫੈਸਲਾ ਕੀਤਾ ਹੈ।
ਬੋਰਡ ਨੇ ਕੋਹਲੀ ਦੀ ਬਰਖਾਸਤਗੀ ‘ਤੇ ਕੁਝ ਨਹੀਂ ਕਿਹਾ ਕਿ ਉਨ੍ਹਾਂ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਕਿਉਂ ਹਟਾਇਆ ਗਿਆ ਹੈ। ਕੋਹਲੀ ਦੀ ਅਭਿਲਾਸ਼ਾ ਸੰਭਾਵਤ ਤੌਰ ‘ਤੇ ਘਰੇਲੂ ਮੈਦਾਨ ‘ਤੇ 2023 ਵਨਡੇ ਵਿਸ਼ਵ ਕੱਪ ‘ਚ ਭਾਰਤੀ ਟੀਮ ਦੀ ਅਗਵਾਈ ਕਰਨਾ ਹੋਵੇਗੀ। ਕੋਹਲੀ ਦੀ ਕਪਤਾਨੀ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਕਹਾਣੀ ਰਹੀ ਹੈ। ਕੋਹਲੀ ਨੇ 95 ਮੈਚਾਂ ‘ਚ ਭਾਰਤੀ ਰਾਸ਼ਟਰੀ ਟੀਮ ਦੀ ਅਗਵਾਈ ਕੀਤੀ ਅਤੇ 65 ਮੈਚ ਜਿੱਤੇ ਜਦਕਿ 27 ਹਾਰੇ। ਦੂਜੇ ਪਾਸੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਆਪਣੇ ਰਿਕਾਰਡ ਦੀ ਗੱਲ ਕਰੀਏ ਤਾਂ ਕੋਹਲੀ ਨੇ 50 ‘ਚੋਂ 32 ‘ਚ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੀ ਅਗਵਾਈ ‘ਚ ਟੀਮ ਨੂੰ 16 ‘ਚ ਹਾਰ ਦਾ ਸਾਹਮਣਾ ਕਰਨਾ ਪਿਆ।