Kartar Singh Sarabha

BKU ਉਗਰਾਹਾਂ ਵੱਲੋਂ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ

ਚੰਡੀਗੜ੍ਹ 07 ਨਵੰਬਰ 2022: ਬਰਤਾਨਵੀ ਸਾਮਰਾਜੀ ਹਕੂਮਤ ਦੇ ਗੁਲਾਮੀ ਜੂਲੇ ਤੋਂ ਪੂਰੀ ਭਾਰਤੀ ਕੌਮ ਦੀ ਖਰੀ ਆਜ਼ਾਦੀ ਲਈ ਜਾਨ ਸਮੇਤ ਸਭ ਕੁਝ ਕੁਰਬਾਨ ਕਰਨ ਦੇ ਇਰਾਦੇ ਧਾਰ ਕੇ ਗ਼ਦਰ ਲਹਿਰ ਵਿੱਚ ਕੁੱਦਣ ਵਾਲੇ ਅਤੇ ਸ਼ਹੀਦੀਆਂ ਪਾਉਣ ਵਾਲੇ ਸੰਗਰਾਮੀਆਂ ‘ਚੋਂ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਣੇ ਉਨ੍ਹਾਂ ਦੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸਿੰਘ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ 7 ਗ਼ਦਰੀਆਂ ਦਾ 107ਵਾਂ ਸ਼ਹੀਦੀ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 17 ਨਵੰਬਰ ਨੂੰ ਪਿੰਡ ਸਰਾਭਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ਼ ਵੱਡੀ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਜਦੋਂ ਦੁਨੀਆਂ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਵੱਲੋਂ ਨਿੱਜੀਕਰਨ, ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਖੇਤੀ-ਜ਼ਮੀਨਾਂ ਸਮੇਤ ਭਾਰਤ ਦੇ ਸਾਰੇ ਪੈਦਾਵਾਰੀ ਸਾਧਨਾਂ ਅਤੇ ਕੁਦਰਤੀ ਸੋਮਿਆਂ ‘ਤੇ ਆਰਥਿਕ ਕਬਜ਼ੇ ਕਰਕੇ ਰਾਜਨੀਤਕ ਆਰਥਿਕ ਗੁਲਾਮੀ ਦੀਆਂ ਜੰਜ਼ੀਰਾਂ ਆਏ ਦਿਨ ਹੋਰ ਕੱਸੀਆਂ ਜਾ ਰਹੀਆਂ ਹਨ ਤਾਂ ਗ਼ਦਰੀ ਬਾਬਿਆਂ ਦੀ ਲੋਕ-ਪੱਖੀ, ਦੇਸ਼ਭਗਤ ਤੇ ਆਪਾਵਾਰੂ ਵਿਚਾਰਧਾਰਾ ਸਮੇਤ ਉਨ੍ਹਾਂ ਦੇ ਸਿਦਕ ਸਿਰੜ ਨੂੰ ਪਰਨਾਉਣਾ ਕਿਸਾਨ ਲਹਿਰ ਦੀ ਦ੍ਰਿੜ੍ਹ ਪੇਸ਼ਕਦਮੀ ਲਈ ਅਣਸਰਦੀ ਲੋੜ ਹੈ। ਇਸੇ ਲੋੜ ਨੂੰ ਮੁਖ਼ਾਤਿਬ ਹੁੰਦਿਆਂ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਇਸ ਵਿਸ਼ਾਲ ਸ਼ਰਧਾਂਜਲੀ ਸਮਾਗਮ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ, ਰੈਲੀਆਂ, ਨੁੱਕੜ ਨਾਟਕਾਂ ਅਤੇ ਜਾਗੋ/ਮਸ਼ਾਲ ਮਾਰਚਾਂ ਦਾ ਤਾਂਤਾ ਬੰਨ੍ਹਿਆ ਜਾ ਰਿਹਾ ਹੈ।

ਆਪਣੇ ਬਿਆਨ ਵਿੱਚ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਬੇਸ਼ੱਕ ਜਾਨਹੂਲਵੇਂ ਦਿੱਲੀ ਘੋਲ਼ ਦੇ ਦਬਾਅ ਹੇਠ ਸਾਮਰਾਜੀ-ਸੇਵਕ ਕੇਂਦਰੀ ਭਾਜਪਾ ਸਰਕਾਰ ਕੋਲੋਂ ਕਾਲ਼ੇ ਖੇਤੀ ਕਾਨੂੰਨ ਤਾਂ ਰੱਦ ਕਰਵਾ ਲਏ ਗਏ ਸਨ। ਪ੍ਰੰਤੂ ਐਮ ਐੱਸ ਪੀ ਦੀ ਕਾਨੂੰਨੀ ਗਰੰਟੀ ਤੋਂ ਟਾਲ਼ਾ ਵੱਟਣ, ਜਾਨਲੇਵਾ ਖੇਤੀ ਕਰਜ਼ਿਆਂ ਅਤੇ ਨਿੱਜੀਕਰਨ/ਵਪਾਰੀਕਰਨ ਦੇ ਸਰਬਵਿਆਪੀ ਹੱਲੇ ਨਾਲ਼ ਅੰਤਾਂ ਦੀ ਬੇਰੁਜ਼ਗਾਰੀ, ਮਹਿੰਗਾਈ ਤੋਂ ਇਲਾਵਾ ਨਸ਼ਿਆਂ ਦੀ ਮਹਾਂਮਾਰੀ ਵਰਗੇ ਸੱਤਾਧਾਰੀ ਹੱਲਿਆਂ ਨੇ ਛੋਟੇ ਤੇ ਬੇਜ਼ਮੀਨੇ ਆਮ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਮੇਤ ਸਨਅਤੀ ਕਾਮਿਆਂ, ਠੇਕਾ ਕਾਮਿਆਂ, ਛੋਟੇ ਕਾਰੋਬਾਰੀਆਂ ਸਭਨਾਂ ਕਿਰਤੀ ਤਬਕਿਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਨੂੰ ਕੁਦਰਤੀ ਦਾਤ ਦੀ ਬਜਾਏ ਵਪਾਰਕ ਵਸਤੂ ਦੱਸਣ ਵਾਲੀ ਸੰਸਾਰ ਬੈਂਕ ਦੀ ਨੀਤੀ ਮੁਤਾਬਕ ਇਨ੍ਹਾਂ ਦਾ ਕੰਟਰੋਲ ਕਾਰਪੋਰੇਟਾਂ ਹੱਥ ਦੇ ਕੇ ਤਿਹਾਏ ਮਾਰਨ ਵਾਲੇ ਫੈਸਲੇ ਕੇਂਦਰੀ ਤੇ ਸੂਬਾਈ ਸੱਤਾਧਾਰੀਆਂ ਦੇ ਸਿਰ ਚੜ੍ਹ ਬੋਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਬਵਿਆਪੀ ਸਾਮਰਾਜੀ ਹੱਲਿਆਂ ਤੋਂ ਪੀੜਤ ਸਭਨਾਂ ਕਿਰਤੀ ਲੋਕਾਂ ਦੀ ਵਿਸ਼ਾਲ ਸੰਘਰਸ਼-ਲਹਿਰ ਉਸਾਰਨ ਵਾਲ਼ੀ ਆਪਣੀ ਤਹਿਸ਼ੁਦਾ ਨੀਤੀ ਤਹਿਤ ਜਥੇਬੰਦੀ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਝੰਡੇ ਹੇਠ 15,16 ਨਵੰਬਰ ਨੂੰ ਕੀਤੀ ਜਾ ਰਹੀ ਕੰਮ ਛੋੜ ਹੜਤਾਲ ਦੀ ਹਮਾਇਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਸਮੂਹ ਪੰਜਾਬ ਵਾਸੀਆਂ ਨੂੰ ਔਖ ਸੌਖ ਝੱਲ ਕੇ ਵੀ ਇਸ ਹੱਕੀ ਸੰਘਰਸ਼ ਦੀ ਹਮਾਇਤ ਦਾ ਸੱਦਾ ਦਿੱਤਾ ਗਿਆ ਹੈ। ਔਖ

ਸੌਖ ਦਾ ਗੁੱਸਾ ਹਕੂਮਤ ਵਿਰੁੱਧ ਕੱਢਣ ਦੇ ਢੁੱਕਵੇਂ ਢੰਗ ਤਰੀਕੇ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ। ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਵੱਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਇਨਸਾਫਪਸੰਦ/ਜਮਹੂਰੀ/ਦੇਸ਼ਭਗਤ ਲੋਕਾਂ ਸਮੇਤ ਸਭਨਾਂ ਦੇਸ਼ਵਾਸੀਆਂ ਨੂੰ ਗ਼ਦਰੀ ਸ਼ਹੀਦਾਂ ਦੇ ਇਸ ਸ਼ਹੀਦੀ-ਦਿਹਾੜਾ ਸਮਾਗਮ ਵਿੱਚ ਜੋਸ਼/ਉਤਸ਼ਾਹ ਨਾਲ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Scroll to Top