ਜ਼ੀਰਾ ਸ਼ਰਾਬ ਫੈਕਟਰੀ

BKU ਉਗਰਾਹਾਂ ਵੱਲੋਂ ਤਿੰਨ ਜ਼ਿਲ੍ਹਿਆਂ ‘ਚ ਝੋਨੇ ਦੀ ਖਰੀਦ ਬੰਦ ਕਰਨ ਦੀ ਸਖ਼ਤ ਨਿੰਦਾ, ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ

ਚੰਡੀਗੜ੍ਹ 16 ਨਵੰਬਰ 2022: ਪੰਜਾਬ ਮੰਡੀ ਬੋਰਡ ਦੁਆਰਾ ਬਰਨਾਲਾ, ਮਾਨਸਾ ਅਤੇ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਸਾਰੇ ਸਬ ਯਾਰਡਾਂ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਸੰਬੰਧੀ ਜਾਰੀ ਕੀਤੇ ਹੁਕਮਾਂ ਦੀ ਸਖ਼ਤ ਨਿੰਦਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੰਗ ਕੀਤੀ ਗਈ ਹੈ ਕਿ ਇਹ ਕਿਸਾਨ ਵਿਰੋਧੀ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ।

ਇਸ ਸੰਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਝੋਨੇ ਦਾ ਦਾਣਾ ਦਾਣਾ ਐਮ ਐੱਸ ਪੀ’ਤੇ ਖਰੀਦਣ ਦੇ ਵਾਅਦੇ ਤੇ ਦਾਅਵੇ ਕੋਰਾ ਝੂਠ ਸਾਬਤ ਹੋ ਰਹੇ ਹਨ। ਅਮੀਰਸ਼ਾਹੀ ਪੱਖੀ ਅਤੇ ਕਿਸਾਨ ਵਿਰੋਧੀ ਫੈਸਲਿਆਂ ਦੀ ਲੜੀ ਪਹਿਲਾਂ ਵਾਲੀਆਂ ਕਿਸਾਨ ਵਿਰੋਧੀ ਸਰਕਾਰਾਂ ਵਾਂਗ ਹੀ ਜਾਰੀ ਰੱਖੀ ਜਾ ਰਹੀ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਬਹੁਤ ਸਾਰੇ ਕਿਸਾਨਾਂ ਦਾ ਝੋਨਾ ਅਜੇ ਮੰਡੀਆਂ ਵਿੱਚ ਪਿਆ ਹੈ ਅਤੇ ਖੇਤਾਂ ਵਿੱਚ ਵੀ ਖੜ੍ਹਾ ਹੈ। ਇਹ ਫੈਸਲਾ ਸਰਕਾਰ ਦੇ ਆਖੇ ਲੱਗ ਕੇ ਝੋਨਾ ਲੇਟ ਬੀਜਣ ਵਾਲੇ ਕਿਸਾਨਾਂ ਨੂੰ ਸਜ਼ਾ ਦੇਣ ਵਾਲਾ ਮਾਮਲਾ ਬਣਦਾ ਹੈ, ਕਿਉਂਕਿ ਵਪਾਰੀ ਉਨ੍ਹਾਂ ਦਾ ਝੋਨਾ ਕੌਡੀਆਂ ਦੇ ਭਾਅ ਖਰੀਦ ਕੇ ਅੰਨ੍ਹੀ ਲੁੱਟ ਮਚਾਉਣਗੇ। ਇਸ ਤਾਨਾਸ਼ਾਹੀ ਫੈਸਲੇ ਵਿਰੁੱਧ ਕਿਸਾਨ ਸੰਘਰਸ਼ ਕਰਨਗੇ ਅਤੇ ਸਾਰਾ ਝੋਨਾ ਐਮ ਐੱਸ ਪੀ ‘ਤੇ ਖਰੀਦ ਕਰਵਾ ਕੇ ਹੀ ਦਮ ਲੈਣਗੇ।

 

Scroll to Top